ਪੱਛਮੀ ਬੰਗਾਲ ਅਤੇ ਉੱਤਰੀ ਓਡੀਸ਼ਾ ਦੇ ਤੱਟਵਰਤੀ ਇਲਾਕਿਆਂ ਵਿੱਚ ਚੱਕਰਵਾਤ ‘ਯਾਸ’ ਦਾ ਖ਼ਤਰਾ ਵੱਧਦਾ ਜਾ ਰਿਹਾ ਹੈ। ਮੌਸਮ ਵਿਭਾਗ (ਆਈ.ਐਮ.ਡੀ) ਨੇ ਚੱਕਰਵਾਤ ਦੇ 24 ਘੰਟਿਆਂ ਦੇ ਅੰਦਰ ਤੇਜ਼ ਤੂਫਾਨ ਵਿੱਚ ਬਦਲਣ ਦੀ ਭਵਿੱਖਬਾਣੀ ਕੀਤੀ ਹੈ।
ਮੌਸਮ ਵਿਭਾਗ ਦੇ ਅਨੁਸਾਰ ਚੱਕਰਵਾਤੀ ਤੂਫ਼ਾਨ ਯਾਸ ਦੇ ਕਾਰਨ ਅੱਜ (ਮੰਗਲਵਾਰ) ਓਡੀਸ਼ਾ ਅਤੇ ਪੱਛਮੀ ਬੰਗਾਲ ਦੇ ਤੱਟਵਰਤੀ ਇਲਾਕਿਆਂ ਵਿੱਚ ਤੇਜ਼ ਹਵਾਵਾਂ ਨਾਲ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਚੱਕਰਵਾਤ ਦੇ ਕਾਰਨ ਸਮੁੰਦਰੀ ਕੰਢੇ ਦੇ ਇਲਾਕਿਆਂ ਵਿੱਚ 2-4 ਮੀਟਰ ਉੱਚੀਆਂ ਲਹਿਰਾਂ ਉੱਠ ਸਕਦੀਆਂ ਹਨ। ਯਾਸ ਤੂਫਾਨ ਦੇ ਦੌਰਾਨ ਹਵਾਵਾਂ 100 ਕਿਲੋਮੀਟਰ ਤੋਂ ਵੱਧ ਦੀ ਰਫਤਾਰ ਨਾਲ ਚੱਲ ਸਕਦੀਆਂ ਹਨ। ਮੌਸਮ ਵਿਗਿਆਨੀਆਂ ਦੇ ਅਨੁਸਾਰ, ਯਾਸ ਚੱਕਰਵਾਤੀ ਬੁੱਧਵਾਰ (26 ਮਈ) ਸ਼ਾਮ ਤੱਕ ਓਡੀਸ਼ਾ ਵਿੱਚ ਪਾਰਾਦੀਪ ਅਤੇ ਸਾਗਰ ਆਈਲੈਂਡਜ਼ ਵਿਚਕਾਰ ਲੈਂਡਫਾਲ ਹੋ ਸਕਦਾ ਹੈ।
ਚੱਕਰਵਾਤੀ ਤੂਫਾਨ ਯਾਸ ਨਾਲ ਨਜਿੱਠਣ ਲਈ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨਡੀਆਰਐਫ) ਦੀਆਂ ਟੀਮਾਂ ਪੱਛਮੀ ਬੰਗਾਲ ਅਤੇ ਓਡੀਸ਼ਾ ਵਿੱਚ ਤਾਇਨਾਤ ਕੀਤੀਆਂ ਗਈਆਂ ਹਨ। ਓਡੀਸ਼ਾ ਦੇ ਭਦਰਕ, ਕੇਂਦਰਪਾੜਾ, ਜਾਜਪੁਰ, ਜਗਤਸਿੰਘਪੁਰ ਅਤੇ ਮਯੂਰਭੰਜ ਖੇਤਰ ਤੂਫਾਨ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋ ਸਕਦੇ ਹਨ। ਜਦਕਿ ਇਸ ਦਾ ਪ੍ਰਭਾਵ ਪੱਛਮੀ ਬੰਗਾਲ ਦੇ ਮੇਦੀਨੀਪੁਰ, ਦੱਖਣੀ 24 ਪਰਗਨਾ, ਹਾਵੜਾ, ਹੁਗਲੀ ਅਤੇ ਉੱਤਰੀ 24 ਪਰਗਨਾ ਵਿੱਚ ਦੇਖਣ ਨੂੰ ਮਿਲੇਗਾ। ਮੌਸਮ ਵਿਭਾਗ ਅਨੁਸਾਰ ਯਾਸ ਤੂਫਾਨ 26 ਮਈ ਨੂੰ ਬੰਗਾਲ ਅਤੇ ਓਡੀਸ਼ਾ ਦੇ ਤੱਟ ‘ਤੇ ਟਕਰਾ ਸਕਦਾ ਹੈ। ਤੂਫਾਨ ਦੀ ਖਬਰ ਤੋਂ ਬਾਅਦ ਸੂਬਾ ਅਤੇ ਕੇਂਦਰ ਸਰਕਾਰ ਦੀਆਂ ਏਜੰਸੀਆਂ ਚੌਕਸ ਹਨ।
ਇਹ ਵੀ ਪੜ੍ਹੋ : 26 ਮਈ ਨੂੰ ਆਪਣੇ ਘਰਾਂ ’ਤੇ ਕਾਲੇ ਝੰਡੇ ਲਹਿਰਾਉਣ ਅਕਾਲੀ ਵਰਕਰ : ਸੁਖਬੀਰ ਬਾਦਲ
ਚੱਕਰਵਾਤ ਯਾਸ ਦੇ ਆਉਣ ਤੋਂ ਪਹਿਲਾਂ ਐਨਡੀਆਰਐਫ ਨੇ ਪੂਰਬੀ ਮੇਦਿਨੀਪੁਰ ਜ਼ਿਲ੍ਹੇ ਦੇ ਦੀਘਾ ਖੇਤਰ ਨੂੰ ਖਾਲੀ ਕਰਵਾ ਲਿਆ ਹੈ। ਚੱਕਰਵਾਤ ਯਾਸ ਦੇ ਆਉਣ ਤੋਂ ਪਹਿਲਾਂ ਏਜੰਸੀਆਂ ਨੇ ਮੋਰਚਾ ਸੰਭਾਲ ਲਿਆ ਹੈ। ਐਨਡੀਆਰਐਫ ਦੀ ਰਾਹਤ ਅਤੇ ਬਚਾਅ ਟੀਮ ਨੇ ਲੋਕਾਂ ਨੂੰ ਲਾਊਡ ਸਪੀਕਰਾਂ ਰਾਹੀਂ ਸੁਰੱਖਿਅਤ ਥਾਵਾਂ ‘ਤੇ ਜਾਣ ਦੀ ਅਪੀਲ ਕੀਤੀ ਹੈ। ਯਾਸ ਤੂਫਾਨ ਦਾ ਅਸਰ ਆਂਧਰਾ ਪ੍ਰਦੇਸ਼, ਪੁਡੂਚੇਰੀ ਅਤੇ ਤਾਮਿਲਨਾਡੂ ਦੇ ਸਮੁੰਦਰੀ ਕਿਨਾਰਿਆਂ ‘ਤੇ ਵੀ ਦੇਖਣ ਨੂੰ ਮਿਲੇਗਾ। ਇਸ ਤੂਫਾਨ ਦੇ ਕਾਰਨ ਝਾਰਖੰਡ, ਛੱਤੀਸਗੜ, ਬਿਹਾਰ ਦੇ ਨਾਲ-ਨਾਲ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ। ਮੌਸਮ ਵਿਭਾਗ ਅਨੁਸਾਰ 26 ਮਈ ਨੂੰ ਸੰਥਾਲ ਖੇਤਰ ਨੂੰ ਛੱਡ ਕੇ ਝਾਰਖੰਡ ਦੇ ਲੱਗਭਗ 16 ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਸਮੇਂ ਦੌਰਾਨ, ਹਵਾ ਦੇ 90 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲਣ ਦੀ ਵੀ ਉਮੀਦ ਹੈ।
ਇਹ ਵੀ ਪੜ੍ਹੋ : ਮੌਡਰਨਾ ਤੋਂ ਬਾਅਦ ‘ਫਾਈਜ਼ਰ’ ਨੇ ਵੀ ਸਿੱਧੇ ਟੀਕੇ ਭੇਜਣ ਸਬੰਧੀ ਪੰਜਾਬ ਦੀ ਮੰਗ ਕੀਤੀ ਨਾ-ਮਨਜ਼ੂਰ: ਵਿਕਾਸ ਗਾਰਗ
ਮੌਸਮ ਵਿਭਾਗ ਦੇ ਤੂਫਾਨੀ ਚਿਤਾਵਨੀ ਤੋਂ ਬਾਅਦ, ਭਾਰਤੀ ਰੇਲਵੇ ਨੇ ਨਵੀਂ ਦਿੱਲੀ ਤੋਂ ਪੁਰੀ ਅਤੇ ਭੁਵਨੇਸ਼ਵਰ ਜਾਣ ਵਾਲੀਆਂ ਕਈ ਰੇਲ ਗੱਡੀਆਂ ਨੂੰ ਰੱਦ ਕਰ ਦਿੱਤਾ ਹੈ। ਇਨ੍ਹਾਂ ਵਿੱਚ ਹਾਵੜਾ-ਯਸ਼ਵੰਤਪੁਰ ਐਕਸਪ੍ਰੈਸ ਸਮੇਤ ਕਈ ਰੇਲ ਗੱਡੀਆਂ ਸ਼ਾਮਿਲ ਹਨ। ਇਸ ਦੇ ਨਾਲ ਹੀ ਦੱਖਣ ਪੂਰਬੀ ਰੇਲਵੇ ਨੇ ਮੈਸੂਰੂ, ਹਾਵੜਾ, ਯਸਵੰਤਪੁਰ, ਗੁਹਾਟੀ, ਅਗਰਤਲਾ, ਪੁਰੀ, ਏਰਨਾਕੁਲਮ ਅਤੇ ਪੁਣੇ ਦਰਮਿਆਨ ਚੱਲਣ ਵਾਲੀਆਂ ਰੇਲ ਗੱਡੀਆਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ। ਤੂਫਾਨ ਦੀ ਚਿਤਾਵਨੀ ਜਾਰੀ ਕਰਦਿਆਂ ਮੌਸਮ ਵਿਭਾਗ ਨੇ ਮਛੇਰਿਆਂ ਨੂੰ ਵੀ ਚੌਕਸ ਕਰ ਦਿੱਤਾ ਹੈ। ਮਛੇਰਿਆਂ ਨੂੰ ਸਮੁੰਦਰ ਤੋਂ ਦੂਰ ਰਹਿਣ ਦੀ ਹਦਾਇਤ ਕੀਤੀ ਗਈ ਹੈ।
ਇਹ ਵੀ ਦੇਖੋ : ਅਕਾਲੀ ਦਲ ਨੇ ਖੇਡਿਆ ਵੱਡਾ ਦਾਅ, 4 ਵਾਰ ਦੇ ਕਾਂਗਰਸੀ ਵਿਧਾਇਕ ਦੇ ਮੁਕਾਬਲੇ ਮੈਦਾਨ ‘ਚ ਉਤਾਰਿਆ ਪੋਤਾ ?