Delhi airport on high alert: ਸਿੱਖਸ ਫਾਰ ਜਸਟਿਸ (ਐਸਐਫਜੇ) ਨੇ 5 ਨਵੰਬਰ ਨੂੰ ਦਿੱਲੀ ਤੋਂ ਲੰਡਨ ਲਈ ਏਅਰ ਇੰਡੀਆ ਦੀਆਂ ਉਡਾਣਾਂ ਦੇ ਕੰਮਾਂ ਵਿੱਚ ਵਿਘਨ ਪਾਉਣ ਦੀ ਧਮਕੀ ਦਿੱਤੀ ਹੈ। ਇਸ ਧਮਕੀ ਤੋਂ ਬਾਅਦ ਹੁਣ ਦਿੱਲੀ ਹਾਈ ਅਲਰਟ ‘ਤੇ ਹੈ। ਦਰਅਸਲ 36 ਸਾਲਾਂ ਪਹਿਲਾ 1984 ਦੇ ਵਿੱਚ ਦਿੱਲੀ ‘ਚ ਹੋਏ ਦੰਗਿਆਂ ਦੇ ਸਬੰਧ ਵਿੱਚ ਸਿੱਖਸ ਫਾਰ ਜਸਟਿਸ ਵਲੋਂ ਇਹ ਐਲਾਨ ਕੀਤਾ ਗਿਆ ਹੈ। ਸੰਗਠਨ ਸਿੱਖ ਫਾਰ ਜਸਟਿਸ ਨੇ ਡੀਸੀਪੀ ਏਅਰਪੋਰਟ ਰਾਜੀਵ ਰੰਜਨ ਦੀ ਫੋਟੋ ਲਗਾ ਕੇ ਉਸ ਨੂੰ ਦਹਿਸ਼ਤ ਦਾ ਚਿਹਰਾ ਵੀ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਖਾਲਿਸਤਾਨ ਸੰਗਠਨ ਦੀ ਧਮਕੀ ਤੋਂ ਬਾਅਦ ਏਅਰਪੋਰਟ ਸਮੇਤ ਦਿੱਲੀ ਦੀਆਂ ਕਈ ਮਹੱਤਵਪੂਰਨ ਥਾਵਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਐਸਐਫਜੇ ਨੇ 1984 ਦੇ ਪੀੜਤਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚ ਕੇ ਇੰਨ੍ਹਾਂ ਉਡਾਣਾਂ ਵਿੱਚ ਰੁਕਾਵਟ ਪੈਦਾ ਕਰਨ। ਦਿੱਲੀ ਏਅਰਪੋਰਟ ਦੇ ਡੀਸੀਪੀ ਰਾਜੀਵ ਰੰਜਨ ਨੇ ਕਿਹਾ, “ਅਸੀਂ ਸੁਰੱਖਿਆ ਕਰਮੀਆਂ ਦੀ ਗਿਣਤੀ ਵਧਾ ਦਿੱਤੀ ਹੈ ਅਤੇ ਹਵਾਈ ਅੱਡੇ ਵਿੱਚ ਦਾਖਲ ਹੋਣ ਵਾਲੇ ਸਾਰੇ ਵਾਹਨਾਂ ਦੀ ਸਖਤ ਚੈਕਿੰਗ ਕੀਤੀ ਜਾ ਰਹੀ ਹੈ। ਦਿੱਲੀ ਪੁਲਿਸ ਦੇ ਹਥਿਆਰਬੰਦ ਕਰਮਚਾਰੀ ਵੀ ਸਿਵਲ ਵਰਦੀ ਵਿੱਚ ਹਵਾਈ ਅੱਡੇ ‘ਤੇ ਤੈਨਾਤ ਕਰ ਦਿੱਤੇ ਗਏ ਹਨ।
2 ਨਵੰਬਰ ਨੂੰ ਸਿੱਖਸ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਨੇ ਆਪਣੀ ਇੱਕ ਵੀਡੀਓ ਜਾਰੀ ਕਰ ਅਪੀਲ ਕਰਦਿਆਂ ਕਿਹਾ ਸੀ ਕਿ, “ਏਅਰ ਇੰਡੀਆ ਦੇ ਯਾਤਰੀਆਂ ਨੂੰ 5 ਨਵੰਬਰ ਨੂੰ ਫਲਾਈਟ ਨੰਬਰ ਏਆਈ -111 ਅਤੇ ਏਆਈ -3131 ਦਾ ਬਾਈਕਾਟ ਕਰਕੇ ਹਿੰਸਾ ਦੇ ਪੀੜਤਾਂ ਦਾ ਸਮਰਥਨ ਕਰਨਾ ਚਾਹੀਦਾ ਹੈ। ਆਪਣੇ ਸੰਦੇਸ਼ ਵਿੱਚ ਪੰਨੂ ਨੇ ਕਾਂਗਰਸ ‘ਤੇ 1984 ਦੀ ਸਿੱਖ ਨਸਲਕੁਸ਼ੀ ਨੂੰ ਦਬਾਉਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਕਾਂਗਰਸ ਅਤੇ ਭਾਜਪਾ ਦੋਵੇਂ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਇਹ ਸਾਡੀ ਮਨੁੱਖੀ ਫਰਜ਼ ਹੈ ਕਿ ਭਾਰਤ ਸਰਕਾਰ ਦੁਆਰਾ ਕੀਤੇ ਸਿੱਖਾਂ ਦੇ ਕਤਲੇਆਮ ਦੁਨੀਆ ਦੇ ਸਾਹਮਣੇ ਲਿਆਂਦਾ ਜਾਵੇ ਕਿਉਂਕਿ ਇੰਦਰਾ ਗਾਂਧੀ ਤੋਂ ਲੈ ਕੇ ਮੋਦੀ ਦੀ ਅਗਵਾਈ ਵਾਲੀ ਸਰਕਾਰ ਤੱਕ ਸਭ ਨੇ ਸਿੱਖ ਨਸਲਕੁਸ਼ੀ ‘ਤੇ ਨਿਰੰਤਰ ਪਰਦਾ ਪਾਇਆ ਹੈ।” ਇਸ ਟਵੀਟ ਤੋਂ ਤੁਰੰਤ ਬਾਅਦ, ਦਿੱਲੀ ਪੁਲਿਸ ਦੀ ਅੱਤਵਾਦ ਵਿਰੋਧੀ ਇਕਾਈ ਸਰਗਰਮ ਹੋ ਗਈ ਸੀ। ਸੀਆਈਐਸਐਫ ਅਤੇ ਦਿੱਲੀ ਪੁਲਿਸ ਨੇ ਏਅਰਪੋਰਟ ਦੀ ਸੁਰੱਖਿਆ ਵਧਾ ਦਿੱਤੀ ਹੈ। ਮੰਗਲਵਾਰ ਨੂੰ ਸੀਆਈਐਸਐਫ ਅਤੇ ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਹਵਾਈ ਅੱਡੇ ਦੀ ਸੁਰੱਖਿਆ ਨੂੰ ਲੈ ਕੇ ਇੱਕ ਮੀਟਿੰਗ ਕੀਤੀ ਹੈ।