Delhi border seal issue: ਨਵੀਂ ਦਿੱਲੀ: ਕੋਰੋਨਾ ਸੰਕਟ ਕਾਰਨ ਦਿੱਲੀ-ਐਨਸੀਆਰ ਦੀਆਂ ਹੱਦਾਂ ਸੀਲ ਹਨ ਅਤੇ ਲੋਕਾਂ ਨੂੰ ਆਵਾਜਾਈ ਵਿੱਚ ਦਿੱਕਤ ਆ ਰਹੀ ਹੈ । ਲੋਕਾਂ ਦੀਆਂ ਮੁਸ਼ਕਿਲਾਂ ਦੇ ਮੱਦੇਨਜ਼ਰ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ । ਇਸ ‘ਤੇ ਸੁਣਵਾਈ ਕਰਦਿਆਂ ਅਦਾਲਤ ਨੇ ਬੁੱਧਵਾਰ ਨੂੰ ਐਨਸੀਆਰ ਖੇਤਰ ਲਈ ਇੱਕ ਕਾਮਨ ਪਾਸ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ।
ਐਨਸੀਆਰ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਦਾਇਰ ਜਨਹਿੱਤ ਪਟੀਸ਼ਨ ਦੀ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਕਿਹਾ ਕਿ ਐਨਸੀਆਰ ਖੇਤਰ ਵਿੱਚ ਆਵਾਜਾਈ ਲਈ ਇੱਕ ਸਾਂਝਾ ਪੋਰਟਲ ਬਣਾਇਆ ਜਾਣਾ ਚਾਹੀਦਾ ਹੈ । ਇਸ ਦੇ ਲਈ ਸਾਰੇ ਸਟੇਕ ਹੋਲਡਰ ਮੀਟਿੰਗ ਕਰਨ ਅਤੇ ਐਨਸੀਆਰ ਖੇਤਰ ਲਈ ਇੱਕ ਸਾਂਝਾ ਪਾਸ ਜਾਰੀ ਕਰਨਾ ਚਾਹੀਦਾ ਹੈ, ਤਾਂ ਜੋ ਇੱਕ ਹੀ ਪਾਸ ਤੋਂ ਪੂਰੇ ਐਨਸੀਆਰ ਵਿੱਚ ਆਵਾਜਾਈ ਕੀਤੀ ਜਾ ਸਕੇ ।
ਸੁਪਰੀਮ ਕੋਰਟ ਨੇ ਕਿਹਾ ਕਿ ਦਿੱਲੀ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਐਨਸੀਆਰ ਖੇਤਰ ਵਿੱਚ ਟ੍ਰੈਫਿਕ ਲਈ ਇਕਸਾਰ ਨੀਤੀ ਹੋਣੀ ਚਾਹੀਦੀ ਹੈ । ਅਦਾਲਤ ਨੇ ਕਿਹਾ ਕਿ ਸਾਰੇ ਰਾਜਾਂ ਨੂੰ ਇਸ ਲਈ ਇਕਸਾਰ ਨੀਤੀ ਤਿਆਰ ਕਰਨੀ ਚਾਹੀਦੀ ਹੈ । ਇਹ ਨੀਤੀ ਇੱਕ ਹਫਤੇ ਦੇ ਅੰਦਰ ਤਿਆਰ ਹੋਣੀ ਚਾਹੀਦੀ ਹੈ । ਇਸ ਦੇ ਲਈ ਤਿੰਨਾਂ ਰਾਜਾਂ ਦੀ ਬੈਠਕ ਵੀ ਕਰਵਾਈ ਜਾਣੀ ਚਾਹੀਦੀ ਹੈ ।
ਦੱਸ ਦੇਈਏ ਕਿ ਸੁਣਵਾਈ ਦੌਰਾਨ ਹਰਿਆਣਾ ਨੇ ਕਿਹਾ ਕਿ ਅਸੀਂ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਹਨ । ਇਸ ‘ਤੇ ਸੁਪਰੀਮ ਕੋਰਟ ਨੇ ਕਿਹਾ ਕਿ ਮੌਜੂਦਾ ਸਥਿਤੀ ਵਿੱਚ ਇੱਕ ਨੀਤੀ, ਇੱਕ ਤਰੀਕਾ ਅਤੇ ਇੱਕ ਪੋਰਟਲ ਬਣਾਇਆ ਜਾਣਾ ਚਾਹੀਦਾ ਹੈ । ਉੱਥੇ ਹੀ ਦੂਜੇ ਪਾਸੇ ਕੇਂਦਰ ਵੱਲੋਂ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਉਹ ਇਸ ਲਈ ਕੇਂਦਰ ਸਰਕਾਰ ਤੋਂ ਨਿਰਦੇਸ਼ ਲੈਣਗੇ ਤਾਂ ਜੋ ਇਕਸਾਰ ਨੀਤੀ ਬਣੇ ਅਤੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ।