Delhi Borders Closed: ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਅੰਦੋਲਨ ਹੁਣ ਇੱਕ ਵੱਡਾ ਰੂਪ ਧਾਰਨ ਕਰ ਰਿਹਾ ਹੈ। ਕਿਸਾਨ ਵੱਡੀ ਗਿਣਤੀ ਵਿੱਚ ਪ੍ਰਦਰਸ਼ਨਾਂ ਲਈ ਦਿੱਲੀ ਵੱਲ ਵੱਧ ਰਹੇ ਹਨ, ਪਿਛਲੇ ਕੁੱਝ ਦਿਨਾਂ ਤੋਂ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਦਿੱਲੀ ਦੇ ਆਸ ਪਾਸ ਡੇਰਾ ਲਾਇਆ ਹੋਇਆ ਹੈ। ਇਸੇ ਵਿਚਾਲੇ ਖੇਤੀਬਾੜੀ ਕਾਨੂੰਨ ਨੂੰ ਲੈ ਕੇ ਅੱਜ ਕਿਸਾਨ ਨੇਤਾਵਾਂ ਅਤੇ ਕੇਂਦਰ ਸਰਕਾਰ ਵਿਚਕਾਰ ਚੌਥੇ ਦੌਰ ਦੀ ਗੱਲਬਾਤ ਹੋਵੇਗੀ । ਇਸ ਤੋਂ ਪਹਿਲਾਂ ਮੰਗਲਵਾਰ ਨੂੰ ਕਿਸਾਨਾਂ ਨੇ ਇੱਕ ਛੋਟਾ ਸਮੂਹ ਬਣਾਉਣ ਦੀ ਸਰਕਾਰ ਦੀ ਅਪੀਲ ਨੂੰ ਰੱਦ ਕਰ ਦਿੱਤਾ ਸੀ । ਅੱਜ ਵੀ ਤਕਰੀਬਨ 35 ਕਿਸਾਨ ਸੰਗਠਨਾਂ ਦੇ ਆਗੂ ਗੱਲਬਾਤ ਵਿੱਚ ਸ਼ਾਮਿਲ ਹੋਣਗੇ।
ਗੱਲਬਾਤ ਸ਼ੁਰੂ ਹੋਣ ਦੇ ਵਿਚਾਲੇ ਕਿਸਾਨਾਂ ਦਾ ਅੰਦੋਲਨ ਵੀ ਜਾਰੀ ਹੈ । ਕਿਸਾਨਾਂ ਨੇ ਦਿੱਲੀ ਨੂੰ ਚਾਰੋਂ ਪਾਸਿਓਂ ਘੇਰਿਆ ਹੋਇਆ ਹੈ । ਦਿੱਲੀ ਦੇ ਸਿੰਘੁ ਬਾਰਡਰ, ਟਿਕਰੀ ਬਾਰਡਰ, ਗਾਜ਼ੀਪੁਰ ਬਾਰਡਰ ਤੇ ਨੋਇਡਾ ਬਾਰਡਰ ‘ਤੇ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਜੰਮ ਗਏ ਹਨ। ਧਰਨੇ ਵਾਲੀ ਥਾਂ ‘ਤੇ ਕਲਾਕਾਰ ਗਾਣੇ ਅਤੇ ਸੰਗੀਤ ਰਾਹੀਂ ਵੀ ਕਿਸਾਨਾਂ ਦੀ ਹੌਸਲਾ ਅਫਜਾਈ ਲਈ ਪਹੁੰਚ ਰਹੇ ਹਨ । ਲੰਗਰ ਦਾ ਪ੍ਰਬੰਧ ਵੀ ਵੱਡੇ ਪੱਧਰ ‘ਤੇ ਕੀਤਾ ਜਾ ਰਿਹਾ ਹੈ।
ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਸਿੰਘੁ ਬਾਰਡਰ, ਟਿਕਰੀ ਬਾਰਡਰ, ਚਿੱਲਾ ਬਾਰਡਰ ਸਮੇਤ ਕਈ ਬਾਰਡਰ ਬੰਦ ਕਰ ਦਿੱਤਾ ਗਿਆ ਹੈ । ਦਿੱਲੀ ਟ੍ਰੈਫਿਕ ਪੁਲਿਸ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ । ਇਸ ਦੇ ਅਨੁਸਾਰ ਨੋਇਡਾ ਲਿੰਕ ਰੋਡ ‘ਤੇ ਸਥਿਤ ਚਿੱਲਾ ਬਾਰਡਰ ਨੂੰ ਬੰਦ ਕਰ ਦਿੱਤਾ ਗਿਆ ਹੈ। ਇੱਥੇ ਸੈਂਕੜੇ ਕਿਸਾਨ ਗੌਤਮ ਬੁੱਧ ਗੇਟ ‘ਤੇ ਸੜਕ ਜਾਮ ਕਰ ਕੇ ਬੈਠੇ ਹੋਏ ਹਨ । ਇਸ ਤੋਂ ਇਲਾਵਾ ਟਿਕਰੀ ਬਾਰਡਰ, ਝਾਰੌਦਾ ਬਾਰਡਰ ਅਤੇ ਝਟੀਕਰਾ ਬਾਰਡਰ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ । ਬਦੂਸਰਾਏ ਬਾਰਡਰ ਨੂੰ ਸਿਰਫ ਦੋ ਪਹੀਆ ਵਾਹਨ ਚਾਲਕਾਂ ਲਈ ਖੋਲ੍ਹਿਆ ਗਿਆ ਹੈ । ਹਾਲਾਂਕਿ, ਧਨਸਾ, ਦੌਰੇਲਾ, ਕਪਾਸਹੇਡਾ, ਰਾਜੋਕਰੀ NH-8, ਬਿਜਵਾਸਨ / ਬਾਜਘੇਰਾ, ਪਾਲਮ ਵਿਹਾਰ ਅਤੇ ਦੁੰਦਾਹੇਰਾ ਸਰਹੱਦ ਨੂੰ ਖੋਲ੍ਹ ਦਿੱਤਾ ਗਿਆ ਹੈ ।
ਦੱਸ ਦੇਈਏ ਕਿ ਸਿੰਘੁ ਸਰਹੱਦ ਅਜੇ ਵੀ ਕਿਸਾਨਾਂ ਦੇ ਪ੍ਰਦਰਸ਼ਨਾਂ ਕਾਰਨ ਬੰਦ ਹੈ । ਲਾਮਪੁਰ, ਔਚੰਡੀ ਸਮੇਤ ਕਈ ਛੋਟੇ ਬਾਰਡਰ ਵੀ ਬੰਦ ਹਨ । ਦਿੱਲੀ ਪੁਲਿਸ ਨੇ ਮੁਕਰਬਾ ਚੌਂਕ ਅਤੇ ਜੀਟੀਕੇ ਰੋਡ ਨੂੰ ਲੈਣ ਦੀ ਸਲਾਹ ਦਿੱਤੀ ਹੈ । ਬਾਰਡਰ ਬੰਦ ਹੋਣ ਕਾਰਨ ਭਾਰੀ ਜਾਮ ਲੱਗ ਗਿਆ ਹੈ ।
ਇਹ ਵੀ ਦੇਖੋ: ਕੇਂਦਰ ਪੂਰੀ ਤਰਾਂ ਬੌਂਦਲ਼ ਗਈ, ਗੁਰਪ੍ਰੀਤ ਘੁੱਗੀ ਨੇ ਕਿਹਾ ਹਜੇ ਤਾਂ ਆਰਾਮ ਨਾਲ ਆਏ ਆ ਗ਼ੁੱਸਾ ਨਾਂ ਦਵਾਓ