Delhi Chalo Andolan: ਪੰਜਾਬ ਵਿੱਚ ਕੇਂਦਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਜਿਸ ਨੂੰ ਲੈ ਕੇ 26 ਨਵੰਬਰ ਨੂੰ ਦੇਸ਼ ਦੀਆਂ 500 ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਵਿੱਚ ਇੱਕ ਇਤਿਹਾਸਕ ਰੈਲੀ ਕੱਢੀ ਜਾਵੇਗੀ । ਇਸਦੇ ਲਈ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਹਨ । ਅੱਜ ਵੀ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਖੇਤੀਬਾੜੀ ਬਿੱਲ ਦੇ ਵਿਰੋਧ ਵਿੱਚ ਦਿੱਲੀ ਵੱਲ ਵੱਧ ਰਹੇ ਹਨ। ਜਿਸ ਦੇ ਮੱਦੇਨਜਰ ਸਰਹੱਦ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਪੰਜਾਬ ਬਾਰਡਰ ‘ਤੇ ਹੀ ਕਾਰਵਾਈ ਕੀਤੀ ਜਾ ਰਹੀ ਹੈ। ਕਿਸਾਨਾਂ ‘ਤੇ ਪਾਣੀ ਦੀ ਬੁਛਾਰਾਂ ਕੀਤੀਆਂ ਜਾ ਰਹੀਆਂ ਹਨ, ਇਸ ਦੇ ਇਲਾਵਾ ਕਿਸਾਨਾਂ ‘ਤੇ ਅੱਥਰੂ ਗੈਸ ਦੇ ਗੋਲੇ ਵੀ ਛੱਡੇ ਗਏ ਹਨ। ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਮੈਟਰੋ ਵੀ ਬੰਦ ਕਰ ਦਿੱਤੀ ਗਈ ਹੈ। ਬੀਤੇ ਦਿਨ ਵੀ ਕਈ ਜਗ੍ਹਾ ‘ਤੇ ਕਿਸਾਨਾਂ ਦਾ ਹਰਿਆਣਾ ਪੁਲਿਸ ਦੇ ਨਾਲ ਟਕਰਾਅ ਦੇਖਣ ਨੂੰ ਮਿਲਿਆ ਸੀ।
ਕਿਸਾਨਾਂ ਦੇ ਵਿਰੋਧ ਕਾਰਨ ਦਿੱਲੀ-ਹਰਿਆਣਾ ਸਰਹੱਦ ‘ਤੇ ਪੁਲਿਸ ਵੱਡੀ ਗਿਣਤੀ ਦੇ ਵਿੱਚ ਤੈਨਾਤ ਹੈ। ਦਿੱਲੀ ਤੋਂ ਜੰਮੂ ਜਾਣ ਵਾਲਾ ਹਾਈਵੇਅ ਕਰਨਾਲ ਨੇੜੇ ਬੰਦ ਕਰ ਦਿੱਤਾ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਦੀਆਂ ਤਕਰੀਬਨ 30 ਕਿਸਾਨ ਸੰਗਠਨਾਂ ਨੇ ਅੱਜ ਦਿੱਲੀ ਵਿੱਚ ਮਹਾਂ ਧਰਨੇ ਦੀ ਗੱਲ ਕੀਤੀ ਹੈ। ਬੁੱਧਵਾਰ ਨੂੰ, ਕਿਸਾਨਾਂ ਨੇ ਹਰਿਆਣਾ, ਪੰਜਾਬ ਦੀ ਸਰਹੱਦ ਤੋਂ ਦਿੱਲੀ ਵੱਲ ਕੂਚ ਕੀਤਾ ਸੀ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਕੇਂਦਰ ਵੱਲੋਂ ਲਿਆਂਦੇ ਕਾਨੂੰਨਾਂ ਦੇ ਵਿਰੁੱਧ ਹਨ, ਅਸੀਂ ਕਈ ਮਹੀਨੇ ਦਾ ਰਾਸ਼ਨ ਲੈ ਕੇ ਆਏ ਹਾਂ। ਕਿਸਾਨਾਂ ਨੇ ‘ਘੇਰਾ ਪਾਉ, ਡੇਰਾ ਲਾਓ’ ਦਾ ਨਾਅਰਾ ਦਿੱਤਾ ਹੈ। ਦਿੱਲੀ ਤੋਂ ਇਲਾਵਾ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਕਿਸਾਨਾਂ ਨੂੰ ਸਮਰਥਨ ਮਿਲ ਰਿਹਾ ਹੈ। ਵੀਰਵਾਰ ਨੂੰ ਲੱਗਭਗ 21 ਕਿਸਾਨ ਸੰਗਠਨ ਬੰਗਾਲ ਵਿੱਚ ਇੱਕ ਪ੍ਰਦਰਸ਼ਨ ਕਰਨਗੇ ਅਤੇ ਕਿਸਾਨਾਂ ਦੀਆਂ ਮੰਗਾਂ ਦਾ ਸਮਰਥਨ ਕਰਨਗੇ।