dilip ray former nda minister : ਸਾਬਕਾ ਕੇਂਦਰੀ ਰਾਜ ਮੰਤਰੀ ਦਿਲੀਪ ਰੇ ਦੀ ਸਜ਼ਾ ‘ਤੇ ਅੱਜ ਸੁਣਵਾਈ ਕੀਤੀ ਜਾ ਰਹੀ ਹੈ। ਇਹ ਸੁਣਵਾਈ ਰਾਉੱਜ ਐਵੀਨਿਊ ਦੀ ਇੱਕ ਵਿਸ਼ੇਸ਼ ਅਦਾਲਤ ਦੁਆਰਾ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਸਪੈਸ਼ਲ ਕੋਰਟ ਨੇ ਦਿਲੀਪ ਰੇ ਨੂੰ ਕੋਲਾ ਘੁਟਾਲੇ ਨਾਲ ਜੁੜੇ ਇੱਕ ਕੇਸ ਵਿੱਚ ਦੋਸ਼ੀ ਠਹਿਰਾਇਆ ਸੀ। ਉਨ੍ਹਾਂ ਦਾ ਕੇਸ 1999 ਵਿੱਚ ਝਾਰਖੰਡ ਕੋਲਾ ਬਲਾਕ ਦੀ ਵੰਡ ਵਿੱਚ ਬੇਨਿਯਮੀਆਂ ਨਾਲ ਸਬੰਧਿਤ ਸੀ। ਵਿਸ਼ੇਸ਼ ਜੱਜ ਭਾਰਤ ਪਰਾਸ਼ਰ ਨੇ ਦਲੀਪ ਰੇ ਨੂੰ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਦੋਸ਼ੀ ਪਾਇਆ, ਜਦਕਿ ਹੋਰਾਂ ਨੂੰ ਧੋਖਾਧੜੀ ਅਤੇ ਸਾਜਿਸ਼ ਰਚਣ ਲਈ ਦੋਸ਼ੀ ਪਾਇਆ ਗਿਆ। ਅਦਾਲਤ ਨੇ ਕੋਲਾ ਮੰਤਰਾਲੇ ਦੇ ਦੋ ਹੋਰ ਸੀਨੀਅਰ ਅਧਿਕਾਰੀਆਂ – ਪ੍ਰਦੀਪ ਕੁਮਾਰ ਬੈਨਰਜੀ ਅਤੇ ਨਿਤਿਆਨੰਦ ਗੌਤਮ, ਅਤੇ ਸੀਟੀਐਲ ਦੇ ਡਾਇਰੈਕਟਰ ਮਹਿੰਦਰ ਕੁਮਾਰ ਅਗਰਵਾਲ ਅਤੇ ਕੈਸਟ੍ਰੋਨ ਮਾਈਨਿੰਗ ਲਿਮਟਡ (ਸੀਐਮਐਲ) ਨੂੰ ਵੀ ਦੋਸ਼ੀ ਠਹਿਰਾਇਆ ਹੈ। ਅੱਜ ਉਨ੍ਹਾਂ ਦੀ ਸਜ਼ਾ ‘ਤੇ ਅਦਾਲਤ ਵਿੱਚ ਬਹਿਸ ਹੋ ਰਹੀ ਹੈ।
ਬੀਜੂ ਜਨਤਾ ਦਲ (ਬੀਜੇਡੀ) ਦੇ ਬਾਨੀ ਮੈਂਬਰ, ਦਿਲੀਪ ਰੇ, ਬੀਜੂ ਪਟਨਾਇਕ ਦੇ ਬਹੁਤ ਨਜ਼ਦੀਕੀ ਸਨ। ਪਟਨਾਇਕ ਦੇ ਆਖਰੀ ਪਲਾਂ ਵਾਲੇ ਲੋਕਾਂ ਵਿੱਚੋਂ ਇੱਕ ਸੀ ਦਿਲੀਪ ਰੇ। ਹਾਲਾਂਕਿ, ਰੇ ਨੇ ਬਾਅਦ ਵਿੱਚ ਪਾਰਟੀ ਬਦਲ ਦਿੱਤੀ ਅਤੇ ਭਾਜਪਾ ‘ਚ ਸ਼ਾਮਿਲ ਹੋ ਗਏ। 2014 ਵਿੱਚ ਉਹ ਭਾਜਪਾ ਦੀ ਟਿਕਟ ‘ਤੇ ਰਾਉਰਕੇਲਾ ਤੋਂ ਵਿਧਾਇਕ ਚੁਣੇ ਗਏ ਸਨ। ਰੇ ਨੇ 2019 ਦੀਆਂ ਚੋਣਾਂ ਤੋਂ ਪਹਿਲਾਂ ਭਾਜਪਾ ਛੱਡ ਦਿੱਤੀ ਅਤੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਉਰਕੇਲਾ ਦੇ ਵਿਕਾਸ ‘ਤੇ ਆਪਣਾ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਦੇ ਭਾਜਪਾ ਛੱਡਣ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਰੇ ਆਪਣੀ ਸਾਬਕਾ ਪਾਰਟੀ ਵਿੱਚ ਸ਼ਾਮਿਲ ਹੋ ਸਕਦੇ ਹਨ ਅਤੇ ਬੀਜੇਡੀ ਦੀ ਟਿਕਟ ‘ਤੇ ਚੋਣ ਲੜ ਸਕਦੇ ਹਨ। ਹਾਲਾਂਕਿ, ਰੇ ਰਾਜਨੀਤੀ ਤੋਂ ਦੂਰ ਰਹੇ।