Donald Trump thanks Modi: ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ 244ਵੇਂ ਸੁਤੰਤਰਤਾ ਦਿਵਸ ‘ਤੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਅਮਰੀਕਾ ਦੇ ਲੋਕਾਂ ਨੂੰ ਵਧਾਈ ਦਿੱਤੀ । ਪ੍ਰਧਾਨ ਮੰਤਰੀ ਮੋਦੀ ਦੇ ਵਧਾਈ ਸੰਦੇਸ਼ ਦੇ ਜਵਾਬ ਵਿੱਚ ਡੋਨਾਲਡ ਟਰੰਪ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਹੈ । ਡੋਨਾਲਡ ਟਰੰਪ ਨੇ ਪੀਐਮ ਮੋਦੀ ਦੇ ਟਵੀਟ ਨੂੰ ਰੀ-ਟਵੀਟ ਕੀਤਾ ਤੇ ਕਿਹਾ, “ਧੰਨਵਾਦ ਮੇਰੇ ਦੋਸਤ, ਅਮਰੀਕਾ ਭਾਰਤ ਨੂੰ ਪਿਆਰ ਕਰਦਾ ਹੈ।”
ਦਰਅਸਲ, ਪੀਐਮ ਮੋਦੀ ਨੇ ਅਮਰੀਕਾ ਦੇ 244ਵੇਂ ਸੁਤੰਤਰਤਾ ਦਿਵਸ ‘ਤੇ ਵਧਾਈ ਦਿੰਦਿਆਂ ਟਵੀਟ ਕੀਤਾ ਸੀ, ‘ਮੈਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਅਮਰੀਕਾ ਦੇ ਲੋਕਾਂ ਨੂੰ ਅਮਰੀਕਾ ਦੇ 244ਵੇਂ ਸੁਤੰਤਰਤਾ ਦਿਵਸ ਦੀ ਵਧਾਈ ਦਿੰਦਾ ਹਾਂ। ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਵਜੋਂ, ‘ਅਸੀਂ ਆਜ਼ਾਦੀ ਅਤੇ ਮਨੁੱਖੀ ਉੱਦਮ ਨੂੰ ਮਹੱਤਵ ਦਿੰਦੇ ਹਾਂ ਅਤੇ ਇਹ ਦਿਨ ਇਨ੍ਹਾਂ ਕਦਰਾਂ ਕੀਮਤਾਂ ਨਾਲ ਮਨਾਇਆ ਜਾਂਦਾ ਹੈ ।’ ਦੱਸ ਦੇਈਏ ਕਿ ਅਮਰੀਕਾ ਹਰ ਸਾਲ 4 ਜੁਲਾਈ ਨੂੰ ਆਪਣਾ ਸੁਤੰਤਰਤਾ ਦਿਵਸ ਮਨਾਉਂਦਾ ਹੈ। 4 ਜੁਲਾਈ 1776 ਨੂੰ ਅਮਰੀਕਾ ਦੀ ਆਜ਼ਾਦੀ ਦਾ ਐਲਾਨ ਕੀਤਾ ਗਿਆ ਸੀ। ਇਸ ਦਿਨ ਕਈ ਸ਼ਹਿਰਾਂ ਵਿੱਚ ਪਰੇਡ, ਆਤਿਸ਼ਬਾਜ਼ੀ ਆਦਿ ਦਾ ਆਯੋਜਨ ਕੀਤੇ ਜਾਂਦਾ ਹੈ ।
ਹਾਲਾਂਕਿ, ਇਸ ਸਾਲ ਕੋਰੋਨਾ ਮਹਾਂਮਾਰੀ ਦੇ ਕਾਰਨ ਇਹ ਦਿਨ ਅਮਰੀਕਾ ਵਿੱਚ ਥੋੜਾ ਜਿਹਾ ਫਿੱਕਾ ਰਿਹਾ ਹੈ। ਅਮਰੀਕਾ ਨੇ ਜੁਲਾਈ ਦੇ ਇਸ ਹਫਤੇ ਦੇ ਅੰਤ ਵਿੱਚ ਕਈ ਪਰੇਡਾਂ ਅਤੇ ਆਤਿਸ਼ਬਾਜ਼ੀ ਦੇ ਸ਼ੋਅ ਨੂੰ ਰੱਦ ਕਰ ਦਿੱਤਾ ਹੈ, ਨਾਲ ਹੀ ਸਮੁੰਦਰੀ ਕੰਢੇ ਅਤੇ ਬਾਰ ਵੀ ਬੰਦ ਕਰ ਦਿੱਤੇ ਹਨ ਤਾਂ ਜੋ ਲੋਕ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ। ਸਿਹਤ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਦਿਨ ਅਮਰੀਕੀਆਂ ਦੇ ਸਵੈ-ਨਿਯੰਤਰਣ ਦਾ ਇੱਕ ਮਹੱਤਵਪੂਰਣ ਟੈਸਟ ਹੋਵੇਗਾ ਜੋ ਵੱਧ ਰਹੇ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਕਾਬੂ ਕਰਨ ਵਿੱਚ ਮਹੱਤਵਪੂਰਨ ਹੋ ਸਕਦਾ ਹੈ।