ਕੁੱਝ ਮਹੀਨਿਆਂ ਤੱਕ ਪੰਜਾਬ ਅਤੇ ਯੂਪੀ ਸਣੇ 5 ਸੂਬਿਆਂ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇੰਨ੍ਹਾਂ ਚੋਣਾਂ ਨੂੰ ਲੈ ਕੇ ਸਿਆਸੀ ਹਲਚਲ ਵੀ ਤੇਜ਼ ਹੋ ਗਈ ਹੈ। ਜਿੱਥੇ ਰੈਲੀਆ ਦਾ ਦੌਰ ਤੇਜ਼ ਓ ਰਿਹਾ ਹੈ, ਉੱਥੇ ਹੀ ਕੋਰੋਨਾ ਦਾ ਕਹਿਰ ਵੀ ਦਿਨੋਂ-ਦਿਨ ਵੱਧਦਾ ਹੀ ਜਾ ਰਿਹਾ ਹੈ।
ਇਸ ਦੌਰਾਨ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕੋਵਿਡ ਦੇ ਵੱਧਦੇ ਮਾਮਲਿਆਂ ਦੇ ਵਿਚਕਾਰ ਚੋਣ ਕਮਿਸ਼ਨ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਦੇ ਨਾਲ-ਨਾਲ ਵੱਡੀਆਂ ਰੈਲੀਆਂ ਅਤੇ ਰੋਡ ਸ਼ੋਅ ‘ਤੇ ਪਾਬੰਦੀ ਲਗਾ ਸਕਦਾ ਹੈ। ਸੂਤਰਾਂ ਨੇ ਦੱਸਿਆ ਕਿ ਕੇਂਦਰੀ ਚੋਣ ਕਮਿਸ਼ਨ (ਸੀਈਸੀ) ਦੀ ਮੀਟਿੰਗ ਵਿੱਚ ਇਸ ਮੁੱਦੇ ‘ਤੇ ਚਰਚਾ ਕੀਤੀ ਗਈ ਹੈ। ਕਮਿਸ਼ਨ ਨੇ ਮੰਗਲਵਾਰ ਨੂੰ ਇਸ ਮੁੱਦੇ ‘ਤੇ ਪੰਜ ਰਾਜਾਂ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮੀਟਿੰਗ ਵੀ ਕੀਤੀ ਸੀ।
ਭਾਵੇਂ ਕੱਲ੍ਹ ਦੀ ਮੀਟਿੰਗ ਵਿੱਚ 10 ਪ੍ਰਸਤਾਵਿਤ ਮੁੱਦੇ ਵਿਚਾਰੇ ਜਾਣੇ ਸਨ ਪਰ ਉਹ ਚਰਚਾ ਪੂਰੀ ਨਹੀਂ ਹੋ ਸਕੀ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮੀਟਿੰਗ ਵਿੱਚ ਚੋਣ ਰੈਲੀਆਂ ਤੋਂ ਲੈ ਕੇ ਰੋਡ ਸ਼ੋਅ ਅਤੇ ਚੋਣ ਪ੍ਰਚਾਰ ਤੱਕ ਦੇ ਨਿਯਮਾਂ ਨੂੰ ਹੋਰ ਸਖ਼ਤ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਵੋਟਿੰਗ ਦੌਰਾਨ ਹਰੇਕ ਚੋਣ ਅਧਿਕਾਰੀ ਅਤੇ ਕਰਮਚਾਰੀ ਦੇ ਟੀਕਾਕਰਨ ਦਾ ਮੁੱਦਾ ਵੀ ਚੁੱਕਿਆ ਗਿਆ ਅਤੇ ਇਸ ‘ਤੇ ਵੀ ਲਗਭਗ ਸਹਿਮਤੀ ਬਣੀ।
ਇਸ ਦੇ ਨਾਲ ਹੀ ਕਮਿਸ਼ਨ ਵੋਟਰ ਲਈ ਟੀਕਾਕਰਨ ਲਾਜ਼ਮੀ ਕਰਨ ਦੇ ਹੱਕ ਵਿੱਚ ਵੀ ਨਹੀਂ ਹੈ ਕਿਉਂਕਿ ਇਹ ਹਰੇਕ ਵੋਟਰ ਦੇ ਜੀਵਨ ਦੇ ਅਧਿਕਾਰ ਨਾਲ ਜੁੜਿਆ ਹੋਇਆ ਹੈ। ਚੋਣ ਕਮਿਸ਼ਨ ਵੋਟਰ ਦੇ ਉਸ ਅਧਿਕਾਰ ਦੀ ਉਲੰਘਣਾ ਕਰਨ ਦੇ ਹੱਕ ਵਿੱਚ ਨਹੀਂ ਹੈ। ਸੂਤਰਾਂ ਅਨੁਸਾਰ ਇਸ ਤੋਂ ਇਲਾਵਾ ਇਸ ਮੀਟਿੰਗ ਵਿੱਚ ਕਈ ਹੋਰ ਮੁੱਦੇ ਵੀ ਵਿਚਾਰੇ ਜਾਣੇ ਸਨ, ਜਿਨ੍ਹਾਂ ’ਤੇ ਚਰਚਾ ਹੋਣੀ ਬਾਕੀ ਹੈ।
ਇਹ ਵੀ ਪੜ੍ਹੋ : ਬਿਗ ਬੈਸ਼ ਲੀਗ ‘ਚ ਵਧਿਆ ਕੋਰੋਨਾ ਦਾ ਕਹਿਰ, ਹੁਣ ਮੈਕਸਵੈੱਲ ਨਿਕਲੇ ਪੌਜੇਟਿਵ
ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਇਹ ਵਿਚਾਰ-ਵਟਾਂਦਰਾ ਪੂਰਾ ਹੋਣ ਤੋਂ ਬਾਅਦ ਰਾਜ ਪੱਧਰੀ ਅਧਿਕਾਰੀਆਂ ਨਾਲ ਵੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ, ਜਿਸ ਤੋਂ ਬਾਅਦ ਅੰਤਿਮ ਸਹਿਮਤੀ ਬਣਨ ਤੋਂ ਬਾਅਦ ਹੀ ਕੇਂਦਰੀ ਚੋਣ ਕਮਿਸ਼ਨ ਵੱਲੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣੇ ਹਨ। ਇਸ ਦੇ ਨਾਲ ਹੀ ਅੱਜ ਚੋਣਾਂ ਲਈ ਨਵੀਂ ਵੋਟਰ ਸੂਚੀ ਵੀ ਜਾਰੀ ਕੀਤੀ ਜਾ ਸਕਦੀ ਹੈ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਇਸੇ ਵੋਟਰ ਸੂਚੀ ਦੇ ਆਧਾਰ ’ਤੇ ਹੋਣੀਆਂ ਹਨ। ਨਵੀਂ ਵੋਟਰ ਸੂਚੀ ਦੇ ਆਉਣ ਤੋਂ ਬਾਅਦ ਹੀ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: