Farmers enter Haryana: ਕਿਸਾਨ ਅੰਦੋਲਨ : ਦੇਸ਼ ਦੀ ਰਾਜਧਾਨੀ ਵਿੱਚ ਵਿਰੋਧ ਪ੍ਰਦਰਸ਼ਨ ਕਰਨ ਲਈ ਜਾਂ ਰਹੇ ਪੰਜਾਬ ਦੇ ਹਜ਼ਾਰਾਂ ਕਿਸਾਨਾਂ ਨੂੰ ਹਰਿਆਣਾ ਪੁਲਿਸ ਨੇ ਅੰਬਾਲਾ ਦੇ ਕੋਲ ਰੋਕ ਦਿੱਤਾ ਹੈ। ਇਸ ਕਾਰਨ ਭਾਜਪਾ ਸ਼ਾਸਤ ਹਰਿਆਣਾ ਪੁਲਿਸ ਅਤੇ ਕਿਸਾਨਾਂ ਵਿਚਾਲੇ ਟਕਰਾਅ ਹੋ ਗਿਆ। ਅੰਬਾਲਾ ਵਿੱਚ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪ ਹੋਈ ਹੈ। ਇਸ ਦੌਰਾਨ ਇੱਟ ਅਤੇ ਪੱਥਰ ਵੀ ਚੱਲੇ ਹਨ। ਕਿਸਾਨਾਂ ਨੂੰ ਰੋਕਣ ਲਈ ਸੜਕਾਂ ਅਤੇ ਪੁਲਾਂ ‘ਤੇ ਬੈਰੀਕੇਡ ਲਗਾਏ ਗਏ ਸਨ ਜਿਨ੍ਹਾਂ ਨੂੰ ਕਿਸਾਨਾਂ ਨੇ ਤੋੜ ਕੇ ਦਰਿਆ ‘ਚ ਸੁੱਟ ਦਿੱਤਾ। ਕਿਸਾਨਾਂ ਨੂੰ ਅੱਗੇ ਵਧਦੇ ਵੇਖ ਕੇ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ‘ਤੇ ਠੰਡੇ-ਠਾਰ ਪਾਣੀ ਦੀ ਵਰਖਾ ਕੀਤੀ ਅਤੇ ਅੱਥਰੂ ਗੈਸ ਦੇ ਗੋਲੇ ਸੁੱਟੇ।
ਅੰਬਾਲਾ ਪਟਿਆਲਾ ਸਰਹੱਦ ‘ਤੇ, ਦਿੱਲੀ ਪੁਲਿਸ ਨੇ ਕੁੱਝ ਟਰੱਕ ਖੜੇ ਕੀਤੇ ਹਨ ਤਾਂ ਕਿ ਕਿਸਾਨ ਅੱਗੇ ਨਾ ਆ ਸਕਣ। ਪਰ ਹੁਣ ਕਿਸਾਨਾਂ ਨੇ ਉਕਤ ਟਰੱਕ ਨੂੰ ਤੋੜਨਾ ਸ਼ੁਰੂ ਕਰ ਦਿੱਤਾ ਹੈ ਅਤੇ ਧੱਕ ਕੇ ਅੱਗੇ ਕਰ ਰਹੇ ਹਨ। ਜਿਸ ਤੋਂ ਬਾਅਦ ਪੁਲਿਸ ਨੇ ਫਿਰ ਹੰਝੂ ਗੈਸ ਦੇ ਗੋਲੇ ਛੱਡੇ ਹਨ ਅਤੇ ਪਾਣੀ ਦੀ ਵਰਖਾ ਕੀਤੀ ਹੈ। ਜਿਸ ਤੋਂ ਬਾਅਦ ਕਿਸਾਨਾਂ ਨੇ ਪੁਲਿਸ ‘ਤੇ ਪੱਥਰਬਾਜ਼ੀ ਕੀਤੀ ਹੈ। ਅੰਬਾਲਾ ਪਟਿਆਲਾ ਸਰਹੱਦ ‘ਤੇ ਕਿਸਾਨਾਂ ਅਤੇ ਪੁਲਿਸ ਵਿਚਾਲੇ ਸੰਘਰਸ਼ ਜਾਰੀ ਹੈ। ਕਿਸਾਨ ਜ਼ਬਰਦਸਤੀ ਹਰਿਆਣਾ ਦੀ ਸਰਹੱਦ ਵਿੱਚ ਦਾਖਲ ਹੋ ਗਏ ਹਨ, ਜਿਸ ਤੋਂ ਬਾਅਦ ਪੁਲਿਸ ਨੇ ਲਾਠੀਚਾਰਜ ਕੀਤਾ ਹੈ। ਕਿਸਾਨ ਹੁਣ ਆਪਣੇ ਟਰੈਕਟਰਾਂ ‘ਤੇ ਜ਼ਬਰਦਸਤੀ ਅੱਗੇ ਵੱਧਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਲਗਾਤਾਰ ਨਾਅਰੇਬਾਜ਼ੀ ਕਰ ਰਹੇ ਹਨ। ਇੱਥੇ ਕਿਸਾਨਾਂ ਦਾ ਗੁੱਸਾ ਵੱਧਦਾ ਜਾ ਰਿਹਾ ਹੈ ਅਤੇ ਹੁਣ ਕਿਸਾਨਾਂ ਨੇ ਬੈਰੀਕੇਡ ਨਦੀ ਵਿੱਚ ਸੁੱਟ ਦਿੱਤੇ ਹਨ। ਵਿਗੜਦੀ ਸਥਿਤੀ ਦੇ ਵਿਚਕਾਰ, ਆਰਏਐਫ ਨੂੰ ਬੁਲਾਇਆ ਗਿਆ ਸੀ ਅਤੇ ਹੁਣ ਕਾਰਵਾਈ ਕੀਤੀ ਜਾ ਰਹੀ ਹੈ।