ਇਸ ਸਮੇਂ ਇੱਕ ਵੱਡੀ ਖਬਰ ਹਰਿਆਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਭਾਜਪਾ ਦੇ ਆਗੂਆਂ ਨੂੰ ਲਗਾਤਾਰ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਰਿਆਣਾ ਦੇ ਰੋਹਤਕ ਵਿੱਚ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਭਾਜਪਾ ਆਗੂਆਂ ਨੂੰ ਬੰਧਕ ਬਣਾ ਲਿਆ ਹੈ।
ਜਿਨ੍ਹਾਂ ਆਗੂਆਂ ਨੂੰ ਬੰਧਕ ਬਣਾਇਆ ਗਿਆ ਹੈ, ਉਨ੍ਹਾਂ ਵਿੱਚ ਸਾਬਕਾ ਸਹਿਕਾਰਤਾ ਰਾਜ ਮੰਤਰੀ ਮਨੀਸ਼ ਗਰੋਵਰ ਵੀ ਸ਼ਾਮਿਲ ਹੈ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਦਾਰਨਾਥ ਦੌਰੇ ‘ਤੇ ਹਨ। ਪੀਐਮ ਮੋਦੀ ਦੇ ਪ੍ਰੋਗਰਾਮ ਦਾ ਲਾਈਵ ਟੈਲੀਕਾਸਟ ਸੂਬੇ ਦੇ ਹਰ ਜ਼ਿਲ੍ਹੇ ਦੇ ਸ਼ਿਵ ਮੰਦਰਾਂ ‘ਤੇ ਕੀਤਾ ਗਿਆ ਸੀ। ਰੋਹਤਕ ਦੇ ਕਿਲੋਈ ਪਿੰਡ ਦੇ ਸ਼ਿਵ ਮੰਦਰ ਵਿੱਚ ਵੀ ਪ੍ਰੋਗਰਾਮ ਕਰਵਾਇਆ ਗਿਆ ਸੀ। ਇਸ ‘ਚ ਹਿੱਸਾ ਲੈਣ ਲਈ ਮਨੀਸ਼ ਗਰੋਵਰ ਸਮੇਤ ਭਾਜਪਾ ਦੇ ਕਈ ਨੇਤਾ ਪਹੁੰਚੇ ਸਨ। ਫਿਰ ਇੱਥੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਕਿਸਾਨਾਂ ਨੇ ਆਗੂਆਂ ਨੂੰ ਬੰਧਕ ਬਣਾ ਲਿਆ। ਇਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਪੁਲਿਸ ਬਲ ਬੁਲਾਇਆ ਗਿਆ।
ਇਹ ਵੀ ਪੜ੍ਹੋ : ਮਸ਼ਹੂਰ ਟੈਨਿਸ ਖਿਡਾਰੀ ਪੇਂਗ ਸ਼ੁਆਈ ਨੇ ਸਾਬਕਾ ਉਪ ਪ੍ਰਧਾਨ ਮੰਤਰੀ ‘ਤੇ ਲਗਾਇਆ ਜਬਰ-ਜਨਾਹ ਦਾ ਦੋਸ਼
ਪੁਲਿਸ ਨੇ ਮੰਦਰ ਦੇ ਆਲੇ-ਦੁਆਲੇ ਸੁਰੱਖਿਆ ਘੇਰਾ ਬਣਾ ਲਿਆ ਹੈ। ਦੂਜੇ ਪਾਸੇ ਕਿਸਾਨਾਂ ਨੇ ਟਰੈਕਟਰ ਟਰਾਲੀਆਂ ਨਾਲ ਮੰਦਰ ਨੂੰ ਜਾਣ ਵਾਲੇ ਸਾਰੇ ਰਸਤੇ ਜਾਮ ਕਰ ਦਿੱਤੇ ਹਨ। ਕਿਸਾਨਾਂ ਨੇ ਭਾਜਪਾ ਆਗੂਆਂ ਦੀਆਂ ਗੱਡੀਆਂ ਦੀ ਹਵਾ ਵੀ ਕੱਢ ਦਿੱਤੀ ਅਤੇ ਹੋਰਨਾਂ ਪਿੰਡਾਂ ਤੋਂ ਵੀ ਕਿਸਾਨ ਵੱਡੀ ਗਿਣਤੀ ਵਿੱਚ ਟਰੈਕਟਰ ਟਰਾਲੀਆਂ ਭਰ ਕੇ ਪਹੁੰਚਣ ਲੱਗੇ ਹਨ। ਇਸ ਤੋਂ ਪਹਿਲਾਂ ਪਿੰਡ ਦੇ ਕਿਸਾਨ ਰੋਸ ਪ੍ਰਦਰਸ਼ਨ ਕਰ ਰਹੇ ਸਨ, ਇਸ ਦੌਰਾਨ ਕਿਸਾਨ ਮਕਰੌਲੀ ਧਰਨੇ ‘ਤੇ ਵੀ ਪਹੁੰਚ ਗਏ। ਹੁਣ ਹੌਲੀ-ਹੌਲੀ ਹੋਰ ਪਿੰਡਾਂ ਦੇ ਲੋਕ ਵੀ ਉੱਥੇ ਪਹੁੰਚਣੇ ਸ਼ੁਰੂ ਹੋ ਗਏ ਹਨ। ਕਿਸਾਨਾਂ ਦੀ ਮੰਗ ਹੈ ਕਿ ਸਾਬਕਾ ਮੰਤਰੀ ਗਰੋਵਰ ਅੱਧੇ ਘੰਟੇ ਦੇ ਅੰਦਰ-ਅੰਦਰ ਮੁਆਫ਼ੀ ਮੰਗਣ ਅਤੇ ਕਹਿਣ ਕਿ ਜਿੰਨਾ ਚਿਰ ਅੰਦੋਲਨ ਜਾਰੀ ਰਹੇਗਾ, ਉਹ ਪਿੰਡ ਵਿੱਚ ਨਹੀਂ ਵੜਨਗੇ। ਦੱਸ ਦੇਈਏ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਅੰਦੋਲਨ ਪਿਛਲੇ 11 ਮਹੀਨਿਆਂ ਤੋਂ ਲਗਾਤਾਰ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -: