Farmers protest anna hazare : ਮੁੰਬਈ : ਕਿਸ਼ਨ ਬਾਬੂਰਾਓ ਹਜ਼ਾਰੇ ਯਾਨੀ ਕੇ ਅੰਨਾ ਹਜ਼ਾਰੇ ਨੇ ਐਲਾਨ ਕੀਤਾ ਹੈ ਕਿ 30 ਜਨਵਰੀ ਤੋਂ ਉਹ ਭੁੱਖ ਹੜਤਾਲ ‘ਤੇ ਜਾਣਗੇ। ਇਹ ਵਰਤ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਹੋਵੇਗਾ। ਦਿੱਲੀ ਜਾਂ ਮੁੰਬਈ ਦੀ ਬਜਾਏ, ਉਨ੍ਹਾਂ ਦਾ ਵਰਤ ਰੱਖਣ ਦਾ ਸਥਾਨ ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ ਵਿੱਚ ਉਨ੍ਹਾਂ ਦਾ ਆਪਣਾ ਪਿੰਡ ਰਾਲੇਗਣ ਸਿੱਧੀ ਹੋਵੇਗਾ। ਅੰਨਾ ਹਜ਼ਾਰੇ ਦਿੱਲੀ ਸਰਹੱਦ ‘ਤੇ ਚੱਲ ਰਹੇ ਕਿਸਾਨਾਂ ਦੇ ਅੰਦੋਲਨ ‘ਤੇ ਨਜ਼ਰ ਰੱਖ ਰਹੇ ਹਨ। ਇਸ ਤੋਂ ਪਹਿਲਾ ਅੰਦੋਲਨਕਾਰੀ ਕਿਸਾਨਾਂ ਦੇ ਹੱਕ ਵਿੱਚ 8 ਦਸੰਬਰ ਨੂੰ ਉਨ੍ਹਾਂ ਨੇ ਇੱਕ ਰੋਜ਼ਾ ਵਰਤ ਵੀ ਰੱਖਿਆ ਸੀ। ਅੰਨਾ ਹਜ਼ਾਰੇ ਨੇ ਐਲਾਨ ਕੀਤਾ ਹੈ ਕਿ 30 ਜਨਵਰੀ ਤੋਂ ਉਹ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਮਰਨ ਵਰਤ ਰੱਖਣਗੇ। ਉਨ੍ਹਾਂ ਨੇ ਭੁੱਖ ਹੜਤਾਲ ਕਰਨ ਲਈ ਦਿੱਲੀ ਦੇ ਰਾਮਲੀਲਾ ਮੈਦਾਨ ਦੀ ਸਰਕਾਰ ਤੋਂ ਇਜਾਜ਼ਤ ਮੰਗੀ ਸੀ, ਪਰ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲਿਆ।
ਇਸ ਤੋਂ ਬਾਅਦ ਅੰਨਾ ਨੇ ਫੈਸਲਾ ਲਿਆ ਹੈ ਕਿ ਉਹ ਆਪਣੇ ਪਿੰਡ ਵਿੱਚ ਵਰਤ ਰੱਖਣਗੇ। ਇਸ ਤੋਂ ਪਹਿਲਾਂ ਵੀ ਉਹ ਜਨ ਲੋਕਪਾਲ ਬਿੱਲ ਲਈ ਵਰਤ ਰੱਖ ਚੁੱਕੇ ਹਨ। ਜ਼ਿਕਰਯੋਗ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਪਹਿਲਾਂ ਹੀ ਦਿੱਲੀ ਬਾਰਡਰ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਗੱਲਬਾਤ ਤਾਂ ਕਰ ਰਹੀ ਹੈ ਪਰ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ ਹੈ। ਇਸ ਦੇ ਵਿਚਕਾਰ ਹੁਣ ਅੰਨਾ ਦੇ ਅੰਦੋਲਨ ਦਾ ਐਲਾਨ ਸਰਕਾਰ ਲਈ ਨਵਾਂ ਸਿਰਦਰਦ ਪੈਦਾ ਕਰ ਸਕਦਾ ਹੈ। ਅਜੇਹੀ ਸਥਿੱਤੀ ‘ਚ ਹੁਣ ਅੰਨਾ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਵੀ ਸ਼ੁਰੂ ਹੋ ਗਈਆਂ ਹਨ।