Farmers protest reliance statement : ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆ ਸਰਹੱਦਾਂ ‘ਤੇ ਕਿਸਾਨ ਲਗਾਤਾਰ ਡਟੇ ਹੋਏ ਹਨ। ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 40 ਵਾਂ ਦਿਨ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਡਟੇ ਹੋਏ ਹਨ । ਇੱਕ ਪਾਸੇ ਜਿੱਥੇ ਕਿਸਾਨ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਜ਼ਿੱਦ ‘ਤੇ ਅੜੇ ਹੋਏ ਹਨ ਤੇ ਉੱਥੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਨਵੇਂ ਪ੍ਰਸਤਾਵ ਭੇਜੇ ਜਾ ਰਹੇ ਹਨ। ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦੀ ਲਹਿਰ ਕੜਕਦੀ ਸਰਦੀ ਅਤੇ ਮੀਂਹ ਦੇ ਬਾਵਜੂਦ ਵੀ ਜਾਰੀ ਹੈ। ਅੰਦੋਲਨ ਦੇ ਵਿਚਕਾਰ ਕਿਸਾਨ ਜੱਥੇਬੰਦੀਆਂ ਅਤੇ ਸਰਕਾਰ ਦਰਮਿਆਨ ਇੱਕ ਮੀਟਿੰਗ ਅੱਜ ਸੋਮਵਾਰ ਨੂੰ ਹੋਣੀ ਹੈ। ਪਰ ਇਸ ਅੰਦੋਲਨ ਦੇ ਦੌਰਾਨ ਦੇਸ਼ ਦੇ ਵੱਖ ਵੱਖ ਰਾਜਾਂ ਦੇ ਵਿੱਚ ਕਾਰਪੋਰੇਟਸ ਘਰਾਣਿਆਂ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ। ਸਭ ਤੋਂ ਵੱਧ ਵਿਰੋਧ ਰਿਲਾਇੰਸ ਦਾ ਹੋ ਰਿਹਾ ਹੈ। ਰਿਲਾਇੰਸ ਦੇ ਉਤਪਾਦਾਂ ਦਾ ਦਿੱਲੀ ਸਰਹੱਦ ‘ਤੇ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਚੱਲ ਰਹੇ ਅੰਦੋਲਨ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ।
ਕਈ ਥਾਵਾਂ ‘ਤੇ ਜੀਓ ਦੇ ਮੋਬਾਈਲ ਟਾਵਰ ਵੀ ਬੰਦ ਕਰ ਦਿੱਤੇ ਗਏ ਹਨ। ਜਿਸ ਤੋਂ ਬਾਅਦ ਰਿਲਾਇੰਸ ਵੱਲੋਂ ਹੁਣ ਇੱਕ ਬਿਆਨ ਜਾਰੀ ਕੀਤਾ ਗਿਆ ਹੈ। ਕੰਪਨੀ ਨੇ ਕਿਹਾ ਹੈ ਕਿ ਉਸ ਦਾ ਤਿੰਨੋਂ ਖੇਤੀਬਾੜੀ ਕਾਨੂੰਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਅਤੇ ਇਹ ਤਿੰਨੋਂ ਕਾਨੂੰਨ ਕੰਪਨੀ ਨੂੰ ਕਿਸੇ ਵੀ ਤਰਾਂ ਲਾਭ ਨਹੀਂ ਪਹੁੰਚਾਉਂਦੇ। ਕੰਪਨੀ ਨੇ ਕਿਹਾ ਹੈ ਕਿ ਭਵਿੱਖ ਵਿੱਚ ਵੀ, ਕੰਪਨੀ ਦਾ ਅਜਿਹਾ ਕੋਈ ਇਰਾਦਾ ਨਹੀਂ ਹੈ। ਉਹ ਸਿੱਧਾ ਕਿਸਾਨਾਂ ਤੋਂ ਕੋਈ ਖਰੀਦਦਾਰੀ ਨਹੀਂ ਕਰਦੀ ਹੈ। ਰਿਲਾਇੰਸ ਨੇ ਆਪਣੇ ਬਿਆਨ ਵਿੱਚ ਕਿਹਾ, ਕੰਪਨੀ ਨੇ ਕਦੇ ਕਾਰਪੋਰੇਟ ਜਾਂ ਕੰਟਰੈਕਟ ਫ਼ਾਰਮਿੰਗ ਨਹੀਂ ਕੀਤੀ ਅਤੇ ਨਾ ਹੀ ਭਵਿੱਖ ਵਿੱਚ ਕੰਪਨੀ ਦਾ ਇਸ ਕਾਰੋਬਾਰ ਵਿੱਚ ਉੱਤਰਣ ਦਾ ਕੋਈ ਇਰਾਦਾ ਹੈ। ਕੰਪਨੀ ਨੇ ਪੰਜਾਬ, ਹਰਿਆਣਾ ਜਾਂ ਭਾਰਤ ਵਿੱਚ ਕਿਤੇ ਵੀ ਕਾਰਪੋਰੇਟ ਜਾਂ ਕੰਟਰੈਕਟ ਫਾਰਮਿੰਗ ਲਈ ਕੋਈ ਜ਼ਮੀਨ ਨਹੀਂ ਖਰੀਦੀ ਹੈ।
ਕੰਪਨੀ ਨੇ ਕਿਹਾ ਹੈ ਕਿ, ਰਿਲਾਇੰਸ ਨੇ ਕਦੇ ਵੀ ਕਿਸਾਨਾਂ ਤੋਂ ਖਰੀਦ ਲਈ ਕੋਈ ਲੰਬੀ ਮਿਆਦ ਦਾ ਇਕਰਾਰਨਾਮਾ ਨਹੀਂ ਕੀਤਾ। ਰਿਲਾਇੰਸ ਵੀ ਐਮਐਸਪੀ ਉੱਤੇ ਹੀ ਆਪਣੇ ਸਪਲਾਇਰ ਤੋਂ ਖਰੀਦਣ ਦੇ ਹੱਕ ਵਿੱਚ ਹੈ। ਕੰਪਨੀ ਦੇਸ਼ ਦੇ ਅੰਨਦਾਤਾ ਦਾ ਸਨਮਾਨ ਕਰਦੀ ਹੈ। ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦਾ ਢੁਕਵਾਂ ਮੁੱਲ ਮਿਲਣਾ ਚਾਹੀਦਾ ਹੈ। ਕੰਪਨੀ ਇਸ ਵਿਚਾਰ ਦਾ ਪੂਰੀ ਤਰ੍ਹਾਂ ਸਮਰਥਨ ਕਰਦੀ ਹੈ।
ਇਹ ਵੀ ਦੇਖੋ : Deep Sidhu ਦਾ ਕਿਸਾਨ ਜਥੇਬੰਦੀਆਂ ਨੂੰ ਨਵਾਂ ਸੁਝਾਅ | Daily Post Punjabi