Farmers protest toll plaza free : ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆ ਸਰਹੱਦਾਂ ‘ਤੇ ਕਿਸਾਨ ਲਗਾਤਾਰ ਡਟੇ ਹੋਏ ਹਨ। ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 30 ਵਾਂ ਦਿਨ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਡਟੇ ਹੋਏ ਹਨ । ਇੱਕ ਪਾਸੇ ਜਿੱਥੇ ਕਿਸਾਨ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਜ਼ਿੱਦ ‘ਤੇ ਅੜੇ ਹੋਏ ਹਨ ਤੇ ਉੱਥੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਨਵੇਂ ਪ੍ਰਸਤਾਵ ਭੇਜੇ ਜਾ ਰਹੇ ਹਨ। ਇਸੇ ਵਿਚਾਲੇ ਸਰਕਾਰ ਵੱਲੋਂ ਕਿਸਾਨ ਆਗੂਆਂ ਨੂੰ ਗੱਲਬਾਤ ਕਰਨ ਦੀ ਨਵੀਂ ਤਰੀਕ ਤੈਅ ਕਰਨ ਲਈ ਇੱਕ ਹੋਰ ਪੱਤਰ ਭੇਜਿਆ ਗਿਆ ਹੈ। ਪਰ ਇਸ ਦੌਰਾਨ ਕਿਸਾਨਾਂ ਨੇ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਆਪਣਾ ਪ੍ਰਦਰਸ਼ਨ ਤੇਜ ਕਰ ਦਿੱਤਾ ਹੈ। ਪ੍ਰਦਰਸ਼ਨ ਦੇ ਤਹਿਤ ਅੱਜ ਟੋਲ ਪਲਾਜ਼ੇ ਫ੍ਰੀ ਕਰਵਾਏ ਜਾ ਰਹੇ ਹਨ। ਹਰਿਆਣੇ ਦੇ ਕਈ ਟੋਲ ਪਲਾਜਿਆਂ ‘ਤੇ ਕਿਸਾਨਾਂ ਨੇ ਡੇਰਾ ਲਗਾਇਆ ਹੋਇਆ ਹੈ ਅਤੇ ਟੋਲ ਫ੍ਰੀ ਕਰ ਦਿੱਤਾ ਗਿਆ ਹੈ। ਮਹੱਤਵਪੂਰਣ ਗੱਲ ਇਹ ਹੈ ਕਿ 25, 26 ਅਤੇ 27 ਦਸੰਬਰ ਨੂੰ ਕਿਸਾਨਾਂ ਦੇ ਵਲੋਂ ਟੋਲ ਫ੍ਰੀ ਕਰਨ ਦਾ ਐਲਾਨ ਕੀਤਾ ਗਿਆ ਸੀ।
ਹਰਿਆਣੇ ਦੇ ਜੀਂਦ ਵਿੱਚ, ਕਿਸਾਨਾਂ ਨੇ ਟੋਲ ਪਲਾਜ਼ੇ ਮੁਫਤ ਕਰ ਦਿੱਤੇ ਹਨ, ਯਾਨੀ ਕੇ ਆਉਣ ਜਾਣ ਵਾਲੇ ਯਾਤਰੀਆਂ ਦੇ ਲਈ ਫ੍ਰੀ ਕਰ ਦਿੱਤੇ ਹਨ। ਜੀਂਦ-ਪਟਿਆਲਾ ਨੈਸ਼ਨਲ ਹਾਈਵੇਅ ‘ਤੇ ਸਥਿਤ ਖਟਕੜ ਪਿੰਡ ਦੇ ਟੋਲ ਪਲਾਜ਼ਾ ਦਾ ਬੈਰੀਅਰ ਹਟਾ ਦਿੱਤਾ ਗਿਆ ਹੈ। ਕਿਸੇ ਵੀ ਆਉਣ ਜਾਂ ਜਾਣ ਵਾਲੇ ਤੋਂ ਕੋਈ ਟੋਲ ਨਹੀਂ ਲਿਆ ਜਾ ਰਿਹਾ। ਇਸ ਤੋਂ ਇਲਾਵਾ ਕਿਸਾਨਾਂ ਨੇ ਸਵੇਰੇ 9 ਵਜੇ ਤੋਂ ਝੱਜਰ-ਰੋਹਤਕ ਨੈਸ਼ਨਲ ਹਾਈਵੇਅ ‘ਤੇ ਟੋਲ ਮੁਫਤ ਕਰ ਦਿੱਤੇ ਹਨ। ਇਸ ਦੇ ਨਾਲ ਹੀ ਸੋਨੀਪਤ ਵਿੱਚ ਐਨ.ਐਚ 44 ਵਿਖੇ ਸਥਿਤ ਮੁਰਥਲ ਟੋਲ ਨੂੰ ਵੀ ਕਿਸਾਨਾਂ ਨੇ ਮੁਫਤ ਕਰ ਦਿੱਤਾ ਹੈ। ਇਸ ਤੋਂ ਇਲਾਵਾ ਹਰ ਜਗ੍ਹਾ ਕਿਸਾਨ ਜੱਥੇਬੰਦੀਆਂ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅਤੇ ਟੋਲ ਪਲਾਜ਼ੇ ਮੁਫਤ ਕੀਤੇ ਜਾ ਰਹੇ ਹਨ।
ਇਹ ਮੰਨਿਆ ਜਾ ਰਿਹਾ ਹੈ ਕਿ ਟੋਲ ਪਲਾਜ਼ਾ ਮੁਫ਼ਤ ਹੋਣ ਕਾਰਨ ਐਨਐਚਏਆਈ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋ ਸਕਦਾ ਹੈ। ਲੁਧਿਆਣੇ ਵਿੱਚ ਵੀ ਰਿਲਾਇੰਸ ਦੇ ਇੱਕ ਪੈਟਰੋਲ ਪੰਪ ਨੂੰ ਕਿਸਾਨਾਂ ਨੇ ਘੇਰ ਲਿਆ ਹੈ। ਸ਼ਹਿਰ ਦੇ ਇੱਕ ਪਾਸ਼ ਖੇਤਰ, ਦੁੱਗਰੀ ਵਿੱਚ ਸਥਿਤ ਇਸ ਪੈਟਰੋਲ ਪੰਪ ਤੋਂ ਕਿਸੇ ਨੂੰ ਵੀ ਪੈਟਰੋਲ ਜਾਂ ਡੀਜ਼ਲ ਪਾਉਣ ਦੀ ਆਗਿਆ ਨਹੀਂ ਹੈ। ਉਥੇ ਬੈਠੇ ਕਿਸਾਨਾਂ ਦੇ ਅਨੁਸਾਰ ਉਹ ਦਿੱਲੀ ਸਰਹੱਦ ‘ਤੇ ਬੈਠੇ ਕਿਸਾਨਾਂ ਲਈ ਚਿੰਤਤ ਹਨ ਅਤੇ ਉਨ੍ਹਾਂ ਨੇ ਉਨ੍ਹਾਂ ਦੇ ਸਮਰਥਨ ਵਿੱਚ ਇਹ ਕਦਮ ਚੁੱਕਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੂੰ ਜਲਦ ਤੋਂ ਜਲਦ ਇਸ ਸਮੱਸਿਆ ਦਾ ਹੱਲ ਲੱਭਣਾ ਚਾਹੀਦਾ ਹੈ। ਧਰਨੇ ‘ਤੇ ਬੈਠੇ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਕਿਸਾਨਾਂ ਲਈ ਬਹੁਤ ਸਾਰੀਆਂ ਚੀਜ਼ਾਂ ਲੈ ਕੇ ਬਾਰਡਰ’ ‘ਤੇ ਵੀ ਜਾ ਰਹੇ ਹਾਂ। ਅਸੀਂ ਆਪਣੇ ਸ਼ਹਿਰ ਵਿੱਚ ਵੀ ਪ੍ਰਦਰਸ਼ਨ ਕਰ ਰਹੇ ਹਾਂ ਤਾਂ ਜੋ ਕੇਂਦਰ ਸਰਕਾਰ ‘ਤੇ ਦਬਾਅ ਪਾਇਆ ਜਾ ਸਕੇ।