Farmers rail roko agitation : ਅੱਜ ਕਿਸਾਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਰੇਲ ਰੋਕੋ ਅੰਦੋਲਨ ਕਰ ਰਹੇ ਹਨ। ਹਰਿਆਣੇ ਵਿੱਚ ਸੋਨੀਪਤ, ਅੰਬਾਲਾ ਅਤੇ ਜੀਂਦ ਵਿੱਚ ਕਿਸਾਨ ਲਗਾਤਾਰ ਪੱਟੜੀਆਂ ’ਤੇ ਬੈਠੇ ਹਨ। ਇਸ ਪ੍ਰਦਰਸ਼ਨ ਵਿੱਚ ਔਰਤਾਂ ਵੀ ਸ਼ਾਮਿਲ ਹਨ। ਇਸ ਤੋਂ ਪਹਿਲਾ ਕੁਰੂਕਸ਼ੇਤਰ ਵਿੱਚ ਗੀਤਾ ਜਯੰਤੀ ਐਕਸਪ੍ਰੈਸ ਰੇਲਗੱਡੀ ਵੀ ਰੋਕ ਦਿੱਤੀ ਗਈ ਸੀ। ਦੂਜੇ ਪਾਸੇ, ਹਰਿਆਣੇ ਦੇ ਚਰਖੀ ਦਾਦਰੀ ਵਿੱਚ ਕਿਸਾਨਾਂ ਲਈ ਖਾਣ ਪੀਣ ਦੇ ਪ੍ਰਬੰਧ ਵੀ ਕੀਤੇ ਗਏ ਸਨ। ਪਿੰਡ ਦੇ ਲੋਕਾਂ ਨੇ ਕਿਸਾਨਾਂ ਲਈ ਚਾਹ-ਪਕੌੜਿਆਂ ਦਾ ਲੰਗਰ ਲਗਾਇਆ ਸੀ। ਇਸ ਦੌਰਾਨ ਇੱਕ ਵੱਖਰਾ ਨਜ਼ਾਰਾ ਵੀ ਦੇਖਣ ਨੂੰ ਮਿਲਿਆ ਇਸ ਦੌਰਾਨ ਹੀ ਧਰਨੇ ‘ਤੇ ਤਾਇਨਾਤ ਪੁਲਿਸ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਵੀ ਲੰਗਰ ਛਕਾਇਆ ਗਿਆ।
ਹਰਿਆਣਾ ਦੇ ਚਰਖੀ ਦਾਦਰੀ ਵਿੱਚ ਰੇਲਵੇ ਟਰੈਕਾਂ ‘ਤੇ ਬੈਠੇ ਕਿਸਾਨਾਂ ਨੂੰ ਜਲੇਬੀ ਅਤੇ ਚਾਹ-ਪਕੌੜਿਆਂ ਦੀ ਸੇਵਾ ਕੀਤੀ ਗਈ ਹੈ। ਪਿੰਡ ਪਾਤੂਵਾਸ ਵਿੱਚ ਰੇਲਵੇ ਟਰੈਕ ’ਤੇ ਬੈਠੇ ਕਿਸਾਨਾਂ ਲਈ ਖਾਣ ਪੀਣ ਦੇ ਪ੍ਰਬੰਧ ਕੀਤੇ ਗਏ ਹਨ। ਧਰਨੇ ਵਾਲੀ ਥਾਂ ‘ਤੇ ਹੀ ਜਲੇਬੀ, ਚਾਹ ਅਤੇ ਪਕੌੜੇ ਬਣਾਏ ਜਾ ਰਹੇ ਹਨ। ਪ੍ਰਦਰਸ਼ਨ ਵਾਲੀ ਥਾਂ ‘ਤੇ ਮੌਜੂਦ ਪੁਲਿਸ ਕਰਮਚਾਰੀਆਂ ਅਤੇ ਹੋਰ ਸਰਕਾਰੀ ਲੋਕਾਂ ਨੂੰ ਵੀ ਖਾਣਾ ਖੁਆਇਆ ਗਿਆ ਹੈ। ਇਸ ਤੋਂ ਇਲਾਵਾ ਦਨਕੋਰ ਵਿਖੇ ਵੀ ਕਿਸਾਨਾਂ ਨੇ ਇੱਕ ਰੇਲ ਰੋਕੀ ਸੀ। ਇੱਥੇ ਕਿਸਾਨਾਂ ਦੀ ਤਰਫੋਂ ਖੜ੍ਹੀ ਰੇਲ ਦੇ ਯਾਤਰੀਆਂ ਲਈ ਭੋਜਨ ਦੇ ਪ੍ਰਬੰਧ ਵੀ ਕੀਤੇ ਗਏ ਸਨ। ਹਾਲਾਂਕਿ ਭਾਰਤੀ ਕਿਸਾਨ ਯੂਨੀਅਨ ਨੇ ਅਪੀਲ ਕੀਤੀ ਹੈ ਕਿ ਅੰਦੋਲਨ ਨੂੰ ਸ਼ਾਂਤੀਪੂਰਣ ਬਣਾਈ ਰੱਖਿਆ ਜਾਵੇ, ਉਥੇ ਦੇਸ਼ ਦੇ ਕਈ ਰਾਜਾਂ ਵਿੱਚ ਪੁਲਿਸ ਅਲਰਟ ਹੈ। ਕਈ ਸੰਵੇਦਨਸ਼ੀਲ ਜ਼ਿਲ੍ਹਿਆਂ ਵਿੱਚ ਸਟੇਸ਼ਨਾਂ ਦੇ ਬਾਹਰ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।