Farmers will celebrate holi : ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ 3 ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ‘ਚ ਪਿੱਛਲੇ ਸਾਢੇ ਤਿੰਨ ਮਹੀਨਿਆਂ ਤੋਂ ਕਿਸਾਨ ਦਿੱਲੀ ਦੀਆ ਸਰਹਦਾਂ ‘ਤੇ ਡਟੇ ਹੋਏ ਹਨ। ਹੁਣ ਗਾਜੀਪੁਰ ਸਰਹੱਦ ‘ਤੇ ਕਿਸਾਨ ਹੋਲੀ ਦੀ ਤਿਆਰੀ ਵਿੱਚ ਰੁੱਝੇ ਹੋਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਸਾਰੇ ਤਿਉਹਾਰ ਬੀਤੇ ਸਾਢੇ ਤਿੰਨ ਮਹੀਨਿਆਂ ਤੋਂ ਸਰਹੱਦ ‘ਤੇ ਹੀ ਮਨਾਏ ਹਨ। ਇਸੇ ਤਰ੍ਹਾਂ ਹੋਲੀ ਵੀ ਇੱਥੇ ਹੀ ਮਨਾਈ ਜਾਏਗੀ। ਇਸ ਤਹਿਤ ਸਾਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਭਾਰਤੀ ਕਿਸਾਨ ਯੂਨੀਅਨ (ਯੂਥ) ਦੇ ਕੌਮੀ ਪ੍ਰਧਾਨ ਚੌਧਰੀ ਗੌਰਵ ਟਿਕੈਤ ਨੇ ਕਿਹਾ ਕਿ ਇਸ ਵਾਰ ਦੇਸ਼ ਦੀ ਸਭ ਤੋਂ ਵੱਡੀ ਇਤਿਹਾਸਕ ਹੋਲੀ ਗਾਜ਼ੀਪੁਰ ਸਰਹੱਦ ‘ਤੇ ਮਨਾਈ ਜਾਵੇਗੀ। ਉਨ੍ਹਾਂ ਦੱਸਿਆ ਕਿ 17 ਮਾਰਚ ਨੂੰ ਸਰਹੱਦ ‘ਤੇ ਇੱਕ ਮਹਾਂ ਪੰਚਾਇਤ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਪੰਚਾਇਤ ਹਰ ਮਹੀਨੇ ਮੁਜ਼ੱਫਰਨਗਰ ਦੇ ਸਿਸੌਲੀ ਪਿੰਡ ਵਿੱਚ ਹੁੰਦੀ ਹੈ, ਜਿਸ ਨੂੰ ਚੌਧਰੀ ਮਹਿੰਦਰ ਸਿੰਘ ਟਿਕੈਤ ਦੁਆਰਾ ਬੁਲਾਇਆ ਜਾਂਦਾ ਸੀ। ਉਹ ਪੰਚਾਇਤ ਇਸ ਵਾਰ ਗਾਜੀਪੁਰ ਸਰਹੱਦ ‘ਤੇ ਹੋਣ ਜਾ ਰਹੀ ਹੈ। ਇਸ ਪੰਚਾਇਤ ਵਿੱਚ ਹੀ ਅੱਗੇ ਦੀਆ ਰਣਨੀਤੀਆਂ ਬਣਾਈਆਂ ਜਾਣਗੀਆਂ।
ਪਿੱਛਲੇ ਕੁੱਝ ਦਿਨਾਂ ਤੋਂ ਸਰਹੱਦ ‘ਤੇ ਕਿਸਾਨਾਂ ਦੀ ਗਿਣਤੀ ਵੱਧ ਰਹੀ ਹੈ। ਹਰ ਪਿੰਡ ਤੋਂ ਕਿਸਾਨਾਂ ਨੂੰ ਧਰਨੇ ਵਾਲੀ ਥਾਂ ‘ਤੇ ਆਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਨੌਜਵਾਨਾਂ ਨੂੰ 23 ਮਾਰਚ ਨੂੰ ਸ਼ਹੀਦੀ ਦਿਵਸ ਮਨਾਉਣ ਲਈ ਬੁਲਾਇਆ ਜਾ ਰਿਹਾ ਹੈ। ਟਿਕਰੀ ਬਾਰਡਰ ‘ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਕਿਹਾ ਹੈ ਕਿ ਪੰਜਾਬ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼, ਉਤਰਾਖੰਡ ਤੋਂ ਇਲਾਵਾ ਦੇਸ਼ ਦੇ ਹੋਰ ਰਾਜਾਂ ਵਿੱਚ ਵੀ 21 ਤੋਂ 23 ਮਾਰਚ ਦਰਮਿਆਨ ਯੁਵਾ ਸੰਮੇਲਨ ਆਯੋਜਿਤ ਕੀਤਾ ਜਾਵੇਗਾ। ਨੌਜਵਾਨਾਂ ਨੂੰ ਦਿੱਲੀ ਦੀਆਂ ਸਰਹੱਦਾਂ ’ਤੇ ਚੱਲ ਰਹੇ ਕਿਸਾਨਾਂ ਦੇ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਜਾਵੇਗਾ। ਇਸ ਦੀ ਸ਼ੁਰੂਆਤ 21 ਮਾਰਚ ਨੂੰ ਪੰਜਾਬ ਤੋਂ ਹੋਵੇਗੀ। ਜਿਸ ਤੋਂ ਬਾਅਦ ਕਿਸਾਨ ਆਗੂ ਵੱਖ-ਵੱਖ ਥਾਵਾਂ ‘ਤੇ ਨੌਜਵਾਨਾਂ ਵਿਚਕਾਰ ਬੈਠਕ ਕਰਨਗੇ।