ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੇ ਹਮੀਦੀਆ ਕੈਂਪਸ ਵਿੱਚ ਸੋਮਵਾਰ ਰਾਤ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੋਂ ਦੀ ਕਮਲਾ ਨਹਿਰੂ ਬਿਲਡਿੰਗ ਦੇ ਬਾਲ ਰੋਗ ਵਿਭਾਗ ਵਿੱਚ ਅੱਗ ਲੱਗ ਗਈ। ਇਸ ਹਾਦਸੇ ਵਿੱਚ 4 ਬੱਚਿਆਂ ਦੀ ਸੜ ਕੇ ਮੌਤ ਹੋ ਗਈ।
ਐਸਐਨਸੀਯੂ ਵਿੱਚ ਕੁੱਲ 40 ਬੱਚੇ ਦਾਖ਼ਲ ਸਨ, ਜਿਨ੍ਹਾਂ ਵਿੱਚੋਂ 36 ਬੱਚਿਆਂ ਨੂੰ ਦੂਜੇ ਵਾਰਡ ਵਿੱਚ ਭੇਜ ਦਿੱਤਾ ਗਿਆ ਹੈ। ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਹਾਦਸੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਸਾਬਕਾ ਸੀਐਮ ਕਮਲਨਾਥ ਨੇ ਇਸ ਘਟਨਾ ਨੂੰ ‘ਬਹੁਤ ਦਰਦਨਾਕ’ ਦੱਸਿਆ ਹੈ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਸ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਉਨ੍ਹਾਂ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਵੀ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਇਸ ਦੀ ਜਾਂਚ ਸਿਹਤ ਅਤੇ ਮੈਡੀਕਲ ਵਿਭਾਗ ਦੇ ਏਸੀਐਸ ਮੁਹੰਮਦ ਸੁਲੇਮਾਨ ਕਰਨਗੇ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਕਰਤਾਰਪੁਰ ਲਾਂਘੇ ਨੂੰ ਮੁੜ ਖੁੱਲ੍ਹਵਾਉਣ ਦੀ ਅਰਦਾਸ ਕਰਨ ਲਈ ਪਹੁੰਚੇ ਡੇਰਾ ਬਾਬਾ ਨਾਨਕ
ਇੱਕ ਅਧਿਕਾਰੀ ਮੁਤਾਬਿਕ ਅੱਗ ਇਮਾਰਤ ਦੀ ਤੀਜੀ ਮੰਜ਼ਿਲ ‘ਤੇ ਲੱਗੀ ਸੀ, ਜਿਸ ਵਿੱਚ ਆਈਸੀਯੂ ਵੀ ਹੈ। ਫਤਿਹਗੜ੍ਹ ਫਾਇਰ ਸਟੇਸ਼ਨ ਦੇ ਇੰਚਾਰਜ ਜ਼ੁਬੀਰ ਖਾਨ ਨੇ ਦੱਸਿਆ ਕਿ ਅੱਗ ਰਾਤ 9 ਵਜੇ ਦੇ ਕਰੀਬ ਲੱਗੀ ਅਤੇ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਮੌਕੇ ‘ਤੇ ਪਹੁੰਚੀਆਂ। ਉਨ੍ਹਾਂ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦਾ ਖ਼ਦਸ਼ਾ ਵੀ ਪ੍ਰਗਟਾਇਆ ਹੈ। ਇਸ ਹਾਦਸੇ ਤੋਂ ਬਾਅਦ ਗੁੱਸੇ ਵਿੱਚ ਆਏ ਰਿਸ਼ਤੇਦਾਰਾਂ ਨੇ ਦੋਸ਼ ਲਾਇਆ ਕਿ ਹਸਪਤਾਲ ਦਾ ਸਟਾਫ ਬੱਚਿਆਂ ਦੀ ਜਾਨ ਬਚਾਉਣ ਦੀ ਬਜਾਏ ਖੁਦ ਹੀ ਉੱਥੋਂ ਭੱਜ ਗਿਆ। ਹਸਪਤਾਲ ਵਿੱਚ ਮੌਜੂਦ ਇੱਕ ਔਰਤ ਨੇ ਦੱਸਿਆ ਕਿ ਚਾਰੇ ਪਾਸੇ ਧੂੰਆਂ ਹੀ ਧੂੰਆਂ ਸੀ।
ਵੀਡੀਓ ਲਈ ਕਲਿੱਕ ਕਰੋ -: