ਦੇਸ਼ ਦੀ ਪਹਿਲੀ ਮਹਿਲਾ ਰਾਫੇਲ ਜੈੱਟ ਪਾਇਲਟ ਫਲਾਈਟ ਲੈਫਟੀਨੈਂਟ ਸ਼ਿਵਾਂਗੀ ਸਿੰਘ ਨੇ ਬੁੱਧਵਾਰ ਨੂੰ ਗਣਤੰਤਰ ਦਿਵਸ ਦੇ ਮੌਕੇ ‘ਤੇ ਭਾਰਤੀ ਹਵਾਈ ਸੈਨਾ (IAF) ਦੀ ਝਾਂਕੀ ਵਿੱਚ ਹਿੱਸਾ ਲਿਆ ਹੈ। ਉਹ ਭਾਰਤੀ ਹਵਾਈ ਸੈਨਾ ਦੀ ਝਾਂਕੀ ਦਾ ਹਿੱਸਾ ਬਣਨ ਵਾਲੀ ਦੂਜੀ ਮਹਿਲਾ ਲੜਾਕੂ ਜੈੱਟ ਪਾਇਲਟ ਹੈ।
ਪਿਛਲੇ ਸਾਲ, ਫਲਾਈਟ ਲੈਫਟੀਨੈਂਟ ਭਾਵਨਾ ਕਾਂਤ ਆਈਏਐਫ ਦੀ ਝਾਂਕੀ ਦਾ ਹਿੱਸਾ ਬਣਨ ਵਾਲੀ ਪਹਿਲੀ ਮਹਿਲਾ ਲੜਾਕੂ ਜੈੱਟ ਪਾਇਲਟ ਬਣੀ ਸੀ। ਸ਼ਿਵਾਂਗੀ ਸਿੰਘ ਬਨਾਰਸ ਦੀ ਰਹਿਣ ਵਾਲੀ ਹੈ। ਉਹ 2017 ਵਿੱਚ ਆਈਏਐਫ ਵਿੱਚ ਸ਼ਾਮਿਲ ਹੋਈ ਸੀ। ਰਾਫੇਲ ਉਡਾਣ ਤੋਂ ਪਹਿਲਾਂ ਉਹ ਮਿਗ-21 ਬਾਇਸਨ ਜਹਾਜ਼ ਉਡਾ ਚੁੱਕੀ ਹੈ। ਸ਼ਿਵਾਂਗੀ ਸਿੰਘ ਅੰਬਾਲਾ, ਪੰਜਾਬ ਸਥਿਤ ਭਾਰਤੀ ਹਵਾਈ ਸੈਨਾ ਦੇ ਗੋਲਡਨ ਐਰੋ ਸਕੁਐਡਰਨ ਦਾ ਹਿੱਸਾ ਹੈ। ਉਹ ਫੁਲਵਾੜੀਆ ਇਲਾਕੇ ਦੇ ਰਹਿਣ ਵਾਲੇ ਵਪਾਰੀ ਕੁਮਾਰੇਸ਼ਵਰ ਸਿੰਘ ਦੀ ਧੀ ਹੈ। ਉਹ ਸਾਇੰਸ ਵਿੱਚ ਗ੍ਰੈਜੂਏਸ਼ਨ ਦੌਰਾਨ ਹੀ ਏਅਰ ਐਨਸੀਸੀ ਵਿੱਚ ਸ਼ਾਮਿਲ ਹੋਈ ਸੀ। ਸ਼ਿਵਾਂਗੀ ਸਿੰਘ ਨੇ ਸਭ ਤੋਂ ਪਹਿਲਾਂ BHU ਵਿਖੇ ਹਵਾਈ ਜਹਾਜ਼ ਉਡਾਉਣ ਦੀ ਸਿਖਲਾਈ ਲਈ ਸੀ। ਉਸ ਦੇ ਨਾਨਾ ਵੀ ਭਾਰਤੀ ਫੌਜ ਵਿੱਚ ਸਨ। ਸ਼ਿਵਾਂਗੀ ਸਿੰਘ ਨੂੰ ਉਨ੍ਹਾਂ ਤੋਂ ਪ੍ਰੇਰਨਾ ਮਿਲੀ ਅਤੇ ਉਹ ਵੀ ਦੇਸ਼ ਦੀ ਸੇਵਾ ਕਰਨ ਲਈ ਹਵਾਈ ਸੈਨਾ ਵਿੱਚ ਸ਼ਾਮਿਲ ਹੋ ਗਈ।
ਇਹ ਵੀ ਪੜ੍ਹੋ : ਗਣਤੰਤਰ ਦਿਵਸ ਮੌਕੇ ITBP ਜਵਾਨ ਦਾ ਗਾਇਆ ਗੀਤ ਸੋਸ਼ਲ ਮੀਡੀਆ ‘ਤੇ ਵਾਇਰਲ, ਦੇਖੋ ਵੀਡੀਓ
ਰਾਫੇਲ ਲੜਾਕੂ ਜਹਾਜ਼ਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਦਾ ਨਿਰਮਾਣ ਫਰਾਂਸ ਦੀ ਕੰਪਨੀ ਡਸਾਲਟ ਐਵੀਏਸ਼ਨ ਨੇ ਕੀਤਾ ਹੈ। ਇਸ ਦਾ ਪਹਿਲਾ ਬੈਚ 29 ਜੁਲਾਈ, 2020 ਨੂੰ ਆਇਆ ਸੀ। ਭਾਰਤ ਫਰਾਂਸ ਤੋਂ 36 ਜਹਾਜ਼ ਖਰੀਦ ਰਿਹਾ ਹੈ। ਕੰਪਨੀ ਤੋਂ ਰਾਫੇਲ ਲੜਾਕੂ ਜਹਾਜ਼ਾਂ ਦੀ ਖਰੀਦ ਲਈ 2016 ਵਿੱਚ ਇੱਕ ਸਮਝੌਤਾ ਹੋਇਆ ਸੀ। ਹੁਣ ਤੱਕ 32 ਰਾਫੇਲ ਜੈੱਟ ਭਾਰਤੀ ਹਵਾਈ ਸੈਨਾ ਨੂੰ ਦਿੱਤੇ ਜਾ ਚੁੱਕੇ ਹਨ ਅਤੇ ਚਾਰ ਦੇ ਇਸ ਸਾਲ ਅਪ੍ਰੈਲ ਤੱਕ ਆਉਣ ਦੀ ਉਮੀਦ ਹੈ। ਫਰਾਂਸ ਅਤੇ ਭਾਰਤ ਦੀਆਂ ਸਰਕਾਰਾਂ ਨੇ ਸਤੰਬਰ 2016 ਵਿੱਚ 7.8 ਬਿਲੀਅਨ ਯੂਰੋ (ਲਗਭਗ 8.8 ਬਿਲੀਅਨ ਡਾਲਰ) ਦੇ ਸਮਝੌਤਿਆਂ ਉੱਤੇ ਹਸਤਾਖਰ ਕੀਤੇ ਸਨ।
ਵੀਡੀਓ ਲਈ ਕਲਿੱਕ ਕਰੋ -: