galwan valley martyr ankush thakur: ਹਮੀਰਪੁਰ : ਵਿਆਹ ਦੇ ਬਾਅਦ 10 ਸਾਲਾਂ ਤੱਕ ਅਸੀਂ ਮੰਦਰਾਂ, ਮਸਜਿਦਾਂ, ਚਰਚ ਅਤੇ ਗੁਰੂਦੁਆਰਿਆਂ ਵਿੱਚ ਸਭ ਜਗ੍ਹਾ ‘ਤੇ ਗਏ। ਬਹੁਤ ਪੂਜਾ-ਪਾਠ ਕੀਤੇ। ਸਾਡੀ ਇੱਕੋ ਇੱਛਾ ਸੀ ਕਿ ਘਰ ਵਿੱਚ ਬੱਚਾ ਆ ਜਾਵੇ। ਲੋਕ ਸਾਨੂੰ ਵੱਖ ਵੱਖ ਥਾਵਾਂ ਤੇ ਜਾਣ ਦੀ ਸਲਾਹ ਦਿੰਦੇ ਸਨ। ਕੋਈ ਕਿਸੇ ਮੰਦਰ ਦਾ ਪਤਾ ਦੱਸਦਾ ਅਤੇ ਕੋਈ ਮਸਜਿਦ ਦਾ। ਅਸੀਂ ਸਭ ਕੁੱਝ ਕੀਤਾ, ਫਿਰ ਵਿਆਹ ਦੇ 10 ਸਾਲਾਂ ਬਾਅਦ ਅੰਕੁਸ਼ ਦਾ ਜਨਮ ਹੋਇਆ। ਇਹ ਕਹਿੰਦੇ ਹੋਏ, ਹਿਮਾਚਲ ਪ੍ਰਦੇਸ਼, ਹਮੀਰਪੁਰ ਦੇ ਗਾਲਵਾਨ ਵਿੱਚ ਸ਼ਹੀਦ ਹੋਏ ਅੰਕੁਸ਼ ਠਾਕੁਰ ਦੇ ਪਿਤਾ ਅਤੇ ਸੇਵਾਮੁਕਤ ਫੌਜੀ ਅਨਿਲ ਠਾਕੁਰ ਦੀਆਂ ਅੱਖਾਂ ਭਰ ਆਈਆਂ। ਕਿਹਾ, ਮੇਰਾ ਵਿਆਹ 1988 ਵਿੱਚ ਹੋਇਆ ਸੀ ਅਤੇ ਅੰਕੁਸ਼ ਦਾ ਜਨਮ 24 ਨਵੰਬਰ 1998 ਨੂੰ ਹੋਇਆ ਸੀ। ਮੈਂ ਆਪਣੀ 10 ਸਾਲਾਂ ਦੀ ਨੌਕਰੀ ਵਿੱਚ ਫੌਜ ਤੋਂ ਜੋ ਕਮਾਇਆ ਸੀ, ਉਹ ਮੈਂ ਇਸ ਵਿੱਚ ਹੀ ਖ਼ਰਚ ਕਰ ਦਿੱਤਾ ਸੀ ਕਿ ਮੇਰੇ ਘਰ ਬੱਚੇ ਦੀਆਂ ਕਿਲਕਾਰੀਆਂ ਗੂੰਜਣ। ਮੇਰੀ ਪਤਨੀ ਨੂੰ ਮਾਂ ਬਣਨ ਦਾ ਸੁਖ ਮਿਲੇ ਅਤੇ ਮੇਰਾ ਪਰਿਵਾਰ ਵੀ ਅੱਗੇ ਵਧੇ।
ਕਾਫ਼ੀ ਮੁਸ਼ਕਿਲਾਂ ਬਾਅਦ ਖੁਸ਼ੀਆਂ ਸਾਡੇ ਘਰ ਆਈਆਂ ਸਨ। ਜਦੋਂ 1998 ਵਿੱਚ ਅੰਕੁਸ਼ ਦਾ ਜਨਮ ਹੋਇਆ ਸੀ, ਉਸ ਸਮੇਂ ਮੇਰੀ ਪੋਸਟਿੰਗ ਮੇਰਠ ਵਿੱਚ ਸੀ। 2002 ਵਿੱਚ ਮੈ ਧਰਮਸ਼ਾਲਾ ਆਇਆ ਅਤੇ 2003 ਵਿੱਚ 17 ਸਾਲ 6 ਮਹੀਨੇ ਫੌਜ ‘ਚ ਸੇਵਾ ਨਿਭਾਉਣ ਤੋਂ ਬਾਅਦ ਸੇਵਾਮੁਕਤ ਹੋਇਆ ਸੀ। ਘਰ ਦੀ ਆਰਥਿਕ ਸਥਿਤੀ ਮਾੜੀ ਸੀ, ਇਸ ਲਈ ਮੈਂ 2005 ਵਿੱਚ ਮੈਂ ਡਿਫੈਂਸ ਸਿਕਿਓਰਟੀ ਕੋਰ (ਡੀਐਸਸੀ) ਵਿੱਚ ਸ਼ਾਮਿਲ ਹੋ ਗਿਆ ਤਾਂ ਜੋ ਮੇਰਾ ਬੱਚਾ ਚੰਗੀ ਤਰ੍ਹਾਂ ਪੜ੍ਹ ਸਕੇ। ਅੰਕੁਸ਼ ਵੀ ਪੜ੍ਹਨ ਵਿੱਚ ਬਹੁਤ ਤੇਜ਼ ਸੀ, ਪਰ ਪਤਾ ਨਹੀਂ ਕਿਉਂ ਉਸ ਵਿੱਚ ਸ਼ੁਰੂ ਤੋਂ ਹੀ ਫੌਜ ਵਿੱਚ ਭਰਤੀ ਹੋਣ ਦਾ ਜਨੂੰਨ ਅਤੇ ਜੋਸ਼ ਸੀ। ਮੈਂ ਨਹੀਂ ਚਾਹੁੰਦਾ ਸੀ ਕਿ ਉਹ ਫੌਜ ਵਿੱਚ ਜਾਵੇ। ਮੈਂ ਸੋਚਿਆ ਕਿ ਉਹ ਬਹੁਤ ਸਾਰੀਆਂ ਸੁੱਖਣਾਂ ਸਦਕਾ ਪੈਦਾ ਹੋਇਆ ਹੈ, ਪਰ ਉਸ ਨੇ ਸਪਸ਼ਟ ਤੌਰ ‘ਤੇ ਕਿਹਾ ਸੀ ਕਿ ਮੈਂ ਫੌਜ ਵਿੱਚ ਜਾਵਾਂਗਾ। ਉਸ ਦੇ ਕੱਟੜ ਇਰਾਦੇ ਨੂੰ ਵੇਖਦਿਆਂ, ਮੈਂ ਉਸ ਨੂੰ ਦੁਬਾਰਾ ਇਨਕਾਰ ਨਹੀਂ ਕੀਤਾ। ਉਸ ਨੇ ਫੌਜ ਵਿੱਚ ਭਰਤੀ ਹੋਣ ਦਾ ਪ੍ਰਣ ਕੀਤਾ ਸੀ।
12 ਵੀਂ ਤੋਂ ਬਾਅਦ ਉਸ ਨੇ ਬੀਐਸਸੀ ਵਿੱਚ ਦਾਖਲਾ ਲਿਆ। ਦੂਜੀ ਵਾਰ ਹੀ ਉਸ ਦੀ ਭਰਤੀ ਵਿੱਚ ਚੋਣ ਹੋ ਗਈ ਸੀ। ਜਨਵਰੀ 2019 ਵਿੱਚ ਉਹ ਫੌਜ ‘ਚ ਭਰਤੀ ਹੋਇਆ ਸੀ। ਅੰਕੁਸ਼ ਦੀ ਚੋਣ ਵੇਲੇ, ਸਾਡੇ ਪਿੰਡ ਕਡੋਹਟਾ ਵਿੱਚ 16 ਸਾਲਾਂ ਬਾਅਦ ਅਜਿਹਾ ਹੋਇਆ ਸੀ ਕਿ ਪਿੰਡ ਦਾ ਇੱਕ ਮੁੰਡਾ ਫੌਜ ਵਿੱਚ ਭਰਤੀ ਹੋਇਆ ਹੈ। ਸਾਡੇ ਪਿੰਡ ਵਿੱਚ ਪਹਿਲਾਂ ਮੁੰਡੇ ਹਰ ਘਰ ਤੋਂ ਫੌਜ ਵਿੱਚ ਜਾਂਦੇ ਸਨ। ਮੈਂ ਫੌਜ ਵਿੱਚ ਰਿਹਾ। ਮੇਰੇ ਪਿਤਾ ਜੀ ਫੌਜ ਵਿੱਚ ਸਨ। ਸ਼ਾਇਦ ਇਹ ਸਾਡੇ ਲਹੂ ਵਿੱਚ ਹੀ ਫੌਜ ‘ਚ ਸ਼ਾਮਿਲ ਹੋਣ ਲਈ ਲਿਖਿਆ ਗਿਆ ਹੈ। ਅੰਕੁਸ਼ ਨੇ ਸੈਨਾ ਵਿੱਚ ਭਰਤੀ ਹੋਣ ਤੋਂ ਬਾਅਦ ਵੀ ਪੜ੍ਹਾਈ ਬੰਦ ਨਹੀਂ ਕੀਤੀ ਸੀ। ਉਹ ਕਮਾਂਡਿੰਗ ਅਫਸਰ ਬਣਨਾ ਚਾਹੁੰਦਾ ਸੀ। ਮੈਂ ਆਖਰੀ ਵਾਰ ਉਸ ਨਾਲ 20 ਮਈ ਨੂੰ ਗੱਲ ਕੀਤੀ ਸੀ। ਫਿਰ ਉਸ ਨੇ ਦੱਸਿਆ ਕਿ, ਚੀਨ ਨਾਲ ਕੁੱਝ ਤਣਾਅ ਚੱਲ ਰਿਹਾ ਹੈ ਅਤੇ ਹਾਲਾਤ ਇਸ ਸਮੇਂ ਠੀਕ ਨਹੀਂ ਹਨ। ਇਸ ਤੋਂ ਬਾਅਦ, ਮੈਂ ਉਸ ਨਾਲ ਕਈ ਵਾਰ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਅਜਿਹਾ ਨਹੀਂ ਹੋ ਸਕਿਆ। ਮੈਨੂੰ ਉਸ ਦੀ ਸ਼ਹਾਦਤ ਦੀ ਖ਼ਬਰ ਸਿੱਧੇ ਤੌਰ ‘ਤੇ 16 ਜੂਨ ਨੂੰ ਮਿਲੀ।
ਅੰਕੁਸ਼ ਦੇ ਪਿਤਾ ਅਨਿਲ ਦਾ ਕਹਿਣਾ ਹੈ ਕਿ ਸਾਡਾ ਦੂਜਾ ਪੁੱਤਰ ਅੰਕੁਸ਼ ਦੇ ਜਨਮ ਤੋਂ ਦਸ ਸਾਲ ਬਾਅਦ, 2008 ਵਿੱਚ ਪੈਦਾ ਹੋਇਆ ਸੀ। ਉਹ ਸੱਤਵੀਂ ਜਮਾਤ ਵਿੱਚ ਹੈ, ਪਰ ਹੁਣ ਤੋਂ ਫੌਜ ਵਿੱਚ ਭਰਤੀ ਹੋਣਾ ਚਾਹੁੰਦਾ ਹੈ। ਕਹਿੰਦਾ ਹੈ ਕਿ ਮੈ ਫੌਜ ਵਿੱਚ ਜਾਣਾ ਹੈ। ਮੈਂ ਉਸ ਨੂੰ ਵੀ ਨਹੀਂ ਰੋਕਣਾ ਚਾਹੁੰਦਾ। ਮੈਨੂੰ ਅੰਕੁਸ਼ ਦੀ ਸ਼ਹਾਦਤ ‘ਤੇ ਮਾਣ ਹੈ। ਉਸ ਨੇ ਸਾਡੇ ਸਾਰੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ। ਇਹ ਪਹਿਲਾ ਮੌਕਾ ਹੈ ਜਦੋਂ ਸਾਡੇ ਪਿੰਡ ਵਿੱਚੋਂ ਕਿਸੇ ਨੇ ਦੇਸ਼ ਲਈ ਆਪਣੀ ਜਾਨ ਵਾਰੀ ਹੈ। ਹੁਣ ਪਿੰਡ ਵਿੱਚ ਇੱਕ ਸਕੂਲ ਉਸ ਦੇ ਨਾਮ ਨਾਲ ਜਾਣਿਆ ਜਾਵੇਗਾ। ਹਸਪਤਾਲ ਵਿੱਚ ਉਸ ਦੀ ਯਾਦਗਾਰ ਬਣਾਈ ਜਾਵੇਗੀ। ਨਵੇਂ ਲੜਕੇ ਫੌਜ ਵਿੱਚ ਭਰਤੀ ਹੋਣ ਲਈ ਪ੍ਰੇਰਿਤ ਅਤੇ ਮਨੋਰਥਵਾਨ ਹੋਣਗੇ। 19 ਜੂਨ ਨੂੰ ਅੰਕੁਸ਼ ਪੰਜ ਤੱਤਾਂ ਵਿੱਚ ਅਭੇਦ ਹੋ ਗਿਆ। ਉਸ ਨੂੰ ਪੂਰੇ ਫੌਜੀ ਸਨਮਾਨਾਂ ਨਾਲ ਅੰਤਮ ਵਿਦਾਈ ਦਿੱਤੀ ਗਈ।