Government issues warning to Twitter: ਕੇਂਦਰ ਸ਼ਾਸਤ ਪ੍ਰਦੇਸ਼ ਨੇ ਲੱਦਾਖ ਦੀ ਲੋਕੇਸ਼ਨ ਚੀਨ ਵਿੱਚ ਦਰਸਾਉਣ ‘ਤੇ ਟਵਿੱਟਰ ਨੂੰ ਸਖਤ ਚੇਤਾਵਨੀ ਦਿੱਤੀ ਹੈ । ਸਰਕਾਰ ਨੇ ਟਵਿੱਟਰ ਦੇ ਸੀਈਓ ਜੈਕ ਡੋਰਸੀ ਨੂੰ ਸੰਵੇਦਨਸ਼ੀਲਤਾ ਨਾਲ ਕੰਮ ਕਰਨ ਲਈ ਕਿਹਾ ਹੈ । ਇਸ ‘ਤੇ ਟਵਿੱਟਰ ਨੇ ਕਿਹਾ ਕਿ ਅਸੀਂ ਭਾਰਤ ਸਰਕਾਰ ਨਾਲ ਕੰਮ ਕਰਨ ਲਈ ਵਚਨਬੱਧ ਹਾਂ। ਅਸੀਂ ਇਸ ਵਿੱਚ ਸ਼ਾਮਿਲ ਭਾਵਨਾਵਾਂ ਦਾ ਸਨਮਾਨ ਕਰਦੇ ਹਾਂ।
ਇਸ ਪੂਰੇ ਮਾਮਲੇ ਵਿੱਚ ਕੇਂਦਰ ਸਰਕਾਰ ਦੇ ਆਈਟੀ ਸੱਕਤਰ ਅਜੈ ਸਾਹਨੀ ਨੇ ਟਵਿੱਟਰ ਦੇ ਸੀਈਓ ਜੈਕ ਡੋਰਸੀ ਨੂੰ ਇੱਕ ਪੱਤਰ ਲਿਖਿਆ ਹੈ। ਕੇਂਦਰ ਸਰਕਾਰ ਨੇ ਟਵਿੱਟਰ ਰਾਹੀਂ ਭਾਰਤ ਦੇ ਨਕਸ਼ੇ ਦੀ ਦੁਰਵਰਤੋਂ ਕਰਨ ‘ਤੇ ਇਤਰਾਜ਼ ਜਤਾਇਆ ਹੈ । ਜ਼ਿਕਰਯੋਗ ਹੈ ਕਿ 18 ਅਕਤੂਬਰ ਨੂੰ ਟਵਿੱਟਰ ਨੇ ਚੀਨ ਵਿੱਚ ਆਪਣੇ ਪਲੇਟਫਾਰਮ ‘ਤੇ ਲੇਹ ਦੀ ਟੈਗ ਲੋਕੇਸ਼ਨ ਨੂੰ ਚੀਨ ਵਿੱਚ ਦਿਖਾਇਆ ਸੀ।
ਇਸ ਸਬੰਧੀ ਆਈਟੀ ਸੈਕਟਰੀ ਅਜੈ ਸਾਹਨੀ ਨੇ ਕਿਹਾ ਕਿ ਲੇਹ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਦਾ ਇੱਕ ਹਿੱਸਾ ਹੈ । ਲੱਦਾਖ ਅਤੇ ਜੰਮੂ-ਕਸ਼ਮੀਰ ਭਾਰਤ ਦੇ ਅਟੁੱਟ ਹਿੱਸੇ ਹਨ, ਜੋ ਕਿ ਭਾਰਤ ਦੇ ਸੰਵਿਧਾਨ ਵੱਲੋਂ ਸ਼ਾਸਿਤ ਹਨ। ਸੋਸ਼ਲ ਸਾਈਟ ਨੂੰ ਭਾਰਤ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ ਦੇ ਨਾਲ ਅਪਮਾਨ ਸਵੀਕਾਰ ਨਹੀਂ ਕੀਤਾ ਜਾਵੇਗਾ ਅਤੇ ਇਹ ਕਾਨੂੰਨ ਦੀ ਉਲੰਘਣਾ ਵੀ ਹੋਵੇਗੀ।
ਦੱਸ ਦੇਈਏ ਕਿ ਟਵਿੱਟਰ ਨੂੰ ਸਖਤ ਚੇਤਾਵਨੀ ਦਿੰਦੇ ਹੋਏ ਆਈਟੀ ਸੈਕਟਰੀ ਅਜੈ ਸਾਹਨੀ ਨੇ ਲਿਖਿਆ ਕਿ ਅਜਿਹੀਆਂ ਹਰਕਤਾਂ ਨਾ ਸਿਰਫ ਟਵਿੱਟਰ ਦੀ ਭਰੋਸੇਯੋਗਤਾ ਨੂੰ ਤੋੜਦੀਆਂ ਹਨ ਬਲਕਿ ਟਵਿੱਟਰ ਦੀ ਨਿਰਪੱਖਤਾ ‘ਤੇ ਵੀ ਸਵਾਲ ਖੜ੍ਹੇ ਕਰਦੀਆਂ ਹਨ । ਇਸ ਮਾਮਲੇ ਵਿੱਚ ਟਵਿੱਟਰ ਇੰਡੀਆ ਨੇ ਕਿਹਾ ਕਿ ਅਸੀਂ ਐਤਵਾਰ ਨੂੰ ਇਸ ਤਕਨੀਕੀ ਸਮੱਸਿਆ ਤੋਂ ਜਾਣੂ ਹੋਏ ਹਾਂ। ਅਸੀਂ ਇਸ ਦੀਆਂ ਭਾਵਨਾਵਾਂ ਨੂੰ ਸਮਝਦੇ ਹਾਂ ਅਤੇ ਉਨ੍ਹਾਂ ਦਾ ਆਦਰ ਕਰਦੇ ਹਾਂ। ਇਸ ਤੋਂ ਅੱਗੇ ਟਵਿੱਟਰ ਨੇ ਕਿਹਾ ਕਿ ਫਿਲਹਾਲ ਟੀਮ ਸਮੱਸਿਆ ਨੂੰ ਦੂਰ ਕਰਨ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ।