haryana coronavirus lockdown patients : ਕੋਰੋਨਾ ਮਹਾਂਮਾਰੀ ਨੇ ਪੂਰੇ ਦੇਸ਼ ‘ਚ ਆਪਣਾ ਭਿਆਨਕ ਰੂਪ ਅਖਤਿਆਰ ਕੀਤਾ ਹੋਇਆ ਹੈ।ਸੂਬਾ ਸਰਕਾਰਾਂ ਮੁੜ ਤੋਂ ਲਾਕਡਾਊਨ ਲਗਾਉਣ ਲਈ ਮਜ਼ਬੂਰ ਹੋ ਗਈਆਂ ਹਨ।ਦੇਸ਼’ਚ ਰੋਜ਼ਾਨਾ ਰਿਕਾਰਡ ਤੋੜ ਕੋਰੋਨਾ ਮਾਮਲੇ ਸਾਹਮਣੇ ਆ ਰਹੇ ਹਨ।ਜਿਸ ਦੇ ਚਲਦਿਆਂ ਹਰਿਆਣਾ ਸਰਕਾਰ ਮੁੜ ਤੋਂ ਤਾਲਾਬੰਦੀ ਲਈ ਮਜ਼ਬੂਰ ਹੋ ਚੁੱਕੀ ਹੈ।ਹਰਿਆਣਾ ‘ਚ ਕੋਰੋਨਾ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਨੇ ਰਾਜ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ ਅਤੇ ਉਸ ਨੂੰ ਇਸ ਮਹਾਮਾਰੀ ਦੇ ਪ੍ਰਸਾਰ ਨੂੰ ਰੋਕਣ ਲਈ ਫਿਰ ਤੋਂ ਤਾਲਾਬੰਦੀ ਕਰਨ ਲਈ ਮਜ਼ਬੂਰ ਹੋਣਾ ਪਿਆ ਹੈ।
ਜਿਸ ਦੇ ਅਧੀਨ ਸ਼ਨੀਵਾਰ ਅਤੇ ਐਤਵਾਰ ਨੂੰ ਸਾਰੇ ਜਨਤਕ ਅਤੇ ਨਿੱਜੀ ਦਫ਼ਤਰ, ਸ਼ਾਪਿੰਗ ਮਾਲ, ਦੁਕਾਨਾਂ ਅਤੇ ਬਜ਼ਾਰ ਬੰਦ ਰਹਿਣਗੇ। ਹਾਲਾਂਕਿ ਇਹ ਆਦੇਸ਼ ਜ਼ਰੂਰੀ ਸੇਵਾਵਾਂ ਅਤੇ ਰੋਜ਼ ਦੀਆਂ ਜ਼ਰੂਰੀ ਵਸਤੂਆਂ ਦੀਆਂ ਦੁਕਾਨਾਂ ਜਾਂ ਮਾਲ ‘ਚ ਇਸ ਤਰ੍ਹਾਂ ਦੀ ਦੁਕਾਨਾਂ ‘ਤੇ ਲਾਗੂ ਨਹੀਂ ਹੋਣਗੀਆਂ। ਸੂਬੇ ‘ਚ ਤਿੰਨ ਦਿਨਾਂ ਤੋਂ ਕੋਰੋਨਾ ਇਨਫੈਕਸ਼ਨ ਦੇ ਇਕ ਹਜ਼ਾਰ ਤੋਂ ਵੱਧ ਮਾਮਲੇ ਆ ਰਹੇ ਹਨ ਅਤੇ ਇਹ ਅੰਕੜਾ ਲਗਾਤਾਰ ਵਧਦਾ ਹੀ ਜਾ ਰਿਹਾ ਹੈ।ਸੂਬੇ ‘ਚ ਹੁਣ ਤੱਕ ਕੋਰੋਨਾ ਦੇ ਮਾਮਲੇ ਕੁੱਲ 52 ਹਜ਼ਾਰ ਤੋਂ ਵੱਧ ਹੋ ਚੁਕੇ ਹਨ। ਹਾਲਾਂਕਿ ਇਨ੍ਹਾਂ ‘ਚੋਂ 43 ਹਜ਼ਾਰ ਤੋਂ ਵੱਧ ਮਰੀਜ਼ਾਂ ਨੇ ਇਸ ਮਹਾਮਾਰੀ ਨੂੰ ਮਾਤ ਦੇ ਦਿੱਤੀ ਹੈ ਪਰ 8 ਹਜ਼ਾਰ ਤੋਂ ਵੱਧ ਮਰੀਜ਼ ਹਾਲੇ ਵੀ ਇਲਾਜ ਅਧੀਨ ਹਨ। ਕੋਰੋਨਾ ਨੇ ਸੂਬੇ ‘ਚ ਹੁਣ ਤੱਕ 585 ਲੋਕਾਂ ਦੀ ਜਾਨ ਲੈ ਲਈ ਹੈ। ਸੂਬਾ ਸਰਕਾਰ ਨੇ ਇਨ੍ਹਾਂ ਅੰਕੜਿਆਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਹੁਣ ਹੋਰ ਕੋਈ ਢਿੱਲ ਨਹੀਂ ਦੇਣ ਦਾ ਫੈਸਲਾ ਲਿਆ ਹੈ। ਨਾਲ ਹੀ ਕੋਰੋਨਾ ਸੰਬੰਧੀ ਹਿਦਾਇਤਾਂ ਨੂੰ ਸਖਤੀ ਨਾਲ ਲਾਗੂ ਕਰਨ ਅਤੇ ਇਨ੍ਹਾਂ ਦਾ ਉਲੰਘਣ ਕਰਨ ਵਾਲਿਆਂ ਨਾਲ ਸਖਤੀ ਨਾਲ ਨਜਿੱਠਣ ਦੇ ਵੀ ਆਦੇਸ਼ ਦਿੱਤੇ ਗਏ ਹਨ। ਸਰਕਾਰ ਨੇ ਜਨਤਕ ਅਤੇ ਨਿੱਜੀ ਟਰਾਂਸਪੋਰਟ ਸੇਵਾਵਾਂ ਅਤੇ ਹਰਿਆਣਾ ਲੋਕ ਸੇਵਾ ਕਮਿਸ਼ਨ ਅਤੇ ਹਰਿਆਣਾ ਰਾਜ ਕਰਮਚਾਰੀ ਚੋਣ ਕਮਿਸ਼ਨ ਵਲੋਂ ਆਯੋਜਿਤ ਕੀਤੀਆਂ ਜਾ ਰਹੀਆਂ ਪ੍ਰੀਖਿਆਵਾਂ ਨੂੰ ਲਾਕਡਾਊਨ ਆਦੇਸ਼ਾਂ ਤੋਂ ਮੁਕਤ ਰੱਖਿਆ ਹੈ ਪਰ ਸਥਿਤੀ ਨਹੀਂ ਸੰਭਲਣ ‘ਤੇ ਹੋਰ ਸਖਤ ਕਦਮ ਚੁੱਕਣ ਦੇ ਵੀ ਸੰਕੇਤ ਦਿੱਤੇ ਹਨ।