ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵਗੌੜਾ ਕੋਵਿਡ-19 ਜਾਂਚ ਵਿੱਚ ਪੌਜੇਟਿਵ ਪਾਏ ਗਏ ਹਨ। ਉਨ੍ਹਾਂ ਦੇ ਕਰੀਬੀ ਸੂਤਰ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਸੂਤਰਾਂ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ, “ਉਹ ਕੋਵਿਡ -19 ਦੇ ਟੈਸਟ ਵਿੱਚ ਪੌਜੇਟਿਵ ਪਾਏ ਗਏ ਹਨ, ਪਰ ਉਨ੍ਹਾਂ ਵਿੱਚ ਲੱਛਣ ਨਹੀਂ ਹਨ। ਉਨ੍ਹਾਂ ਨੂੰ ਮਨੀਪਾਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।”
ਉਨ੍ਹਾਂ ਦੱਸਿਆ ਕਿ ਜੇਡੀ(ਐਸ) ਆਗੂ ਨੂੰ ਸਾਵਧਾਨੀ ਵਜੋਂ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਹ ਵੀ ਦੱਸਿਆ ਕਿ ਦੇਵਗੌੜਾ ਦੀ ਪਤਨੀ ਚੇਨੰਮਾ ਦੀ ਕੋਵਿਡ-19 ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ ਉਹ ਘਰ ਹੀ ਹਨ। ਮੁੱਖ ਮੰਤਰੀ ਬਸਵਰਾਜ ਬੋਮਈ ਨੇ ਦੇਵਗੌੜਾ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ। ਬੋਮਈ ਨੇ ਟਵੀਟ ਕੀਤਾ, ”ਮੈਂ ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵਗੌੜਾ ਦੇ ਕੋਰੋਨਾ ਵਾਇਰਸ ਤੋਂ ਜਲਦੀ ਠੀਕ ਹੋਣ ਅਤੇ ਆਮ ਤੌਰ ‘ਤੇ ਕੰਮ ਕਰਦੇ ਰਹਿਣ ਦੀ ਕਾਮਨਾ ਕਰਦਾ ਹਾਂ।” ਕਰਨਾਟਕ ਦੇ ਸਿਹਤ ਮੰਤਰੀ ਡਾਕਟਰ ਕੇ ਸੁਧਾਕਰ ਨੇ ਵੀ ਗੌੜਾ ਦੇ ਜਲਦੀ ਠੀਕ ਹੋਣ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਅਤੇ ਨਾਲ ਹੀ ਕਿਹਾ ਕਿ ਉਹ ਸਾਬਕਾ ਪ੍ਰਧਾਨ ਮੰਤਰੀ ਦਾ ਇਲਾਜ ਕਰ ਰਹੇ ਡਾਕਟਰ ਦੇ ਸੰਪਰਕ ਵਿੱਚ ਹਨ ਅਤੇ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਲੈ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਐਚ.ਡੀ ਦੇਵਗੌੜਾ ਤੋਂ ਪਹਿਲਾਂ ਕਈ ਸੀਨੀਅਰ ਨੇਤਾ ਕੋਰੋਨਾ ਪੌਜੇਟਿਵ ਹੋ ਚੁੱਕੇ ਹਨ। ਪਿਛਲੇ ਹਫਤੇ ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਕੇ ਸੰਗਮਾ ਕੋਰੋਨਾ ਨਾਲ ਸੰਕਰਮਿਤ ਪਾਏ ਗਏ ਸਨ। ਉਨ੍ਹਾਂ ਨੇ ਇੱਕ ਦਿਨ ਪਹਿਲਾਂ ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨਾਲ ਮੀਟਿੰਗ ਕੀਤੀ ਸੀ।
ਵੀਡੀਓ ਲਈ ਕਲਿੱਕ ਕਰੋ -: