India china border dispute: ਲੱਦਾਖ ਵਿੱਚ LAC ‘ਤੇ ਹੋਈ ਹਿੰਸਕ ਝੜਪ ਤੋਂ ਬਾਅਦ ਚੀਨੀ ਕਿਰਦਾਰ ਇੱਕ ਵਾਰ ਫਿਰ ਸਾਹਮਣੇ ਆਇਆ ਹੈ । ਸਰਹੱਦ ‘ਤੇ ਡੇਢ ਮਹੀਨੇ ਸ਼ਾਂਤੀ ਨਾਲ ਨਜਿੱਠਣ ਲਈ 6 ਜੂਨ ਨੂੰ ਸੀਨੀਅਰ ਕਮਾਂਡਰਾਂ ਦੀ ਬੈਠਕ ਵਿੱਚ ਚੀਨੀ ਫੌਜ ਨੇ ਪਿੱਛੇ ਹਟਣ ਦੀ ਗੱਲ ਕੀਤੀ ਸੀ, ਪਰ ਸਿਰਫ 10 ਦਿਨਾਂ ਵਿੱਚ ਚੀਨ ਨੇ ਧੋਖਾਧੜੀ ਨਾਲ ਇੱਕ ਖੂਨੀ ਸਾਜਿਸ਼ ਰਚ ਦਿੱਤੀ । ਇਸ ਸਾਜਿਸ਼ ਵਿੱਚ ਦੋਵਾਂ ਪਾਸਿਆਂ ਤੋਂ ਕੋਈ ਫਾਇਰਿੰਗ ਨਹੀਂ ਹੋਈ, ਪਰ ਚੀਨੀ ਫੌਜੀਆਂ ਨੇ ਗਲਵਾਨ ਘਾਟੀ ਵਿੱਚ ਡੰਡਿਆਂ, ਪੱਥਰਾਂ ਨਾਲ ਹਮਲਾ ਕੀਤਾ। ਜਿਸ ਵਿੱਚ 20 ਭਾਰਤੀ ਫੌਜੀ ਸ਼ਹੀਦ ਹੋ ਗਏ। ਹਾਲਾਂਕਿ, ਚੀਨ ਨੇ ਭਾਰਤ ਨਾਲੋਂ ਜ਼ਿਆਦਾ ਨੁਕਸਾਨ ਝੱਲਿਆ ਹੈ। ਨਿਊਜ਼ ਏਜੰਸੀ ਅਨੁਸਾਰ ਭਾਰਤੀ ਫੌਜ ਦੇ ਜਵਾਬੀ ਹਮਲੇ ਵਿੱਚ ਚੀਨੀ ਫੌਜ ਦੇ 43 ਜਵਾਨਾਂ ਦੀ ਮੌਤ ਹੋਈ ਹੈ ।
ਜ਼ਿਕਰਯੋਗ ਨਹੀ ਕਿ 6 ਜੂਨ ਨੂੰ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਦੀ ਅਗਵਾਈ ਹੇਠ ਭਾਰਤੀ ਫੌਜ ਨੇ ਮੋਲਡੋ ਵਿੱਚ ਚੀਨ ਦੇ ਮੇਜਰ ਜਨਰਲ ਲਿਯੂ ਲਿਨ ਨਾਲ ਗੱਲਬਾਤ ਕੀਤੀ ਸੀ । ਸੀਨੀਅਰ ਕਮਾਂਡਰਾਂ ਦੀ ਚੰਗੀ ਮੁਲਾਕਾਤ ਹੋਈ । ਇਸ ਤੋਂ ਬਾਅਦ ਜ਼ਮੀਨੀ ਕਮਾਂਡਰਾਂ ਦਰਮਿਆਨ ਕਈ ਮੁਲਾਕਾਤਾਂ ਹੋਈਆਂ । 11 ਜੂਨ ਨੂੰ ਚੀਨੀ ਵਿਦੇਸ਼ ਮੰਤਰਾਲੇ ਵੱਲੋਂ ਇੱਕ ਬਿਆਨ ਆਇਆ ਸੀ ਕਿ ਦੋਵੇਂ ਦੇਸ਼ ਇਸ ਮੁੱਦੇ ਨੂੰ ਬਿਲਕੁਲ ਸਹੀ ਢੰਗ ਨਾਲ ਨਜਿੱਠ ਰਹੇ ਹਨ ।
ਉੱਥੇ ਹੀ ਹਿੰਸਕ ਝੜਪ ਤੋਂ ਪਹਿਲਾਂ 15 ਜੂਨ ਨੂੰ ਦੋਵਾਂ ਦੇਸ਼ਾਂ ਵਿਚਾਲੇ ਬ੍ਰਿਗੇਡੀਅਰ ਕਮਾਂਡਰ, ਕਮਾਂਡਰ ਅਧਿਕਾਰੀ ਪੱਧਰ ਦੇ ਵਿਚਕਾਰ ਗੱਲਬਾਤ ਹੋਈ। ਇਹ ਗੱਲਬਾਤ PP14 ਖੇਤਰ ਦੇ ਨੇੜੇ ਕੀਤੀ ਗਈ ਸੀ। ਇਸ ਵਿੱਚ ਗਲਵਾਨ ਘਾਟੀ ਵਿੱਚ ਫੌਜ ਨੂੰ ਵਾਪਸ ਭੇਜਣ ਅਤੇ ਅਪ੍ਰੈਲ ਤੋਂ ਪਹਿਲਾਂ ਆਮ ਸਥਿਤੀ ਨੂੰ ਬਣਾਈ ਰੱਖਣ ਲਈ ਵਿਚਾਰ ਵਟਾਂਦਰੇ ਹੋਏ ਸਨ।
ਦੱਸ ਦੇਈਏ ਕਿ ਇਨ੍ਹਾਂ ਸਭ ਬੈਠਕਾਂ ਤੋਂ ਬਾਅਦ ਘਟਨਾ ਵਾਲੀ ਰਾਤ ਯਾਨੀ ਕਿ ਸੋਮਵਾਰ ਨੂੰ ਕਰਨਲ ਸੰਤੋਸ਼ ਬਾਬੂ ਚੀਨੀ ਕੈਂਪ ਵਿੱਚ ਗੱਲ ਕਰਨ ਗਏ ਸਨ । ਦੋਵਾਂ ਧਿਰਾਂ ਵਿਚਾਲੇ ਪਿੱਛੇ ਹਟਣ ਦੀ ਗੱਲ ਹੋਈ, ਪਰ ਚੀਨੀ ਫੌਜ ਸਮਝੌਤੇ ਨੂੰ ਲਾਗੂ ਨਹੀਂ ਕਰ ਰਹੀ ਸੀ । ਕਰਨਲ ਸੰਤੋਸ਼ ਬਾਬੂ ਦੀ ਗੱਲਬਾਤ ਦੌਰਾਨ ਚੀਨੀ ਫੌਜੀ ਗੁੱਸੇ ਵਿੱਚ ਆ ਗਏ । ਚੀਨੀ ਫੌਜ ਨੇ ਭਾਰਤੀ ਟੀਮ ‘ਤੇ ਡੰਡੇ-ਪੱਥਰਾਂ ਨਾਲ ਹਮਲਾ ਕੀਤਾ । ਇਸ ਮੌਕੇ ਚੀਨੀ ਫੌਜੀਆਂ ਦੀ ਗਿਣਤੀ ਭਾਰਤੀ ਫੌਜੀਆਂ ਨਾਲੋਂ 3 ਗੁਣਾ ਸੀ। ਝੜਪ ਸ਼ੁਰੂ ਹੋਣ ਤੋਂ ਬਾਅਦ ਭਾਰਤੀ ਫੌਜ ਦੀ ਦੂਜੀ ਟੀਮ ਮੌਕੇ ‘ਤੇ ਪਹੁੰਚ ਗਈ । ਹਾਲਾਂਕਿ, ਇਸ ਝੜਪ ਵਿੱਚ ਭਾਰਤ ਨੇ ਆਪਣੇ 20 ਜਵਾਨ ਗਵਾ ਦਿੱਤੇ। ਇਸ ਦੇ ਨਾਲ ਹੀ ਜਵਾਬੀ ਕਾਰਵਾਈ ਵਿੱਚ 43 ਚੀਨੀ ਫੌਜੀ ਮਾਰੇ ਗਏ।