India China border dispute: ਨਵੀਂ ਦਿੱਲੀ: ਚੀਨ ਨਾਲ ਲੱਗਣ ਵਾਲੀ ਅਸਲ ਕੰਟਰੋਲ ਰੇਖਾ ਯਾਨੀ ਕਿ LAC ‘ਤੇ ਭਲਾ ਹੀ ਤਣਾਅ ਘੱਟ ਹੋ ਗਿਆ ਹੈ, ਪਰ ਚੀਨ ਦੇ ਨਾਪਾਕ ਇਰਾਦਿਆਂ ਵਿੱਚ ਕੋਈ ਕਮੀ ਨਹੀਂ ਆਈ ਹੈ। ਇੱਕ ਮੀਡੀਆ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਚੀਨੀ ਫੌਜ ਪੈਨਗੋਂਗ ਅਤੇ ਗੋਗਰਾ ਤੋਂ ਪਿੱਛੇ ਨਹੀਂ ਗਈ ਹੈ। ਹਾਲਾਂਕਿ, ਨ੍ਹਾ ਵੱਲੋਂ ਫੌਜ ਦੀ ਮੌਜੂਦਗੀ ਵਿੱਚ ਕਮੀ ਜਰੂਰ ਦਰਜ ਕੀਤੀ ਗਈ ਹੈ। ਦੋਵਾਂ ਦੇਸ਼ਾਂ ਦੇ ਜਵਾਨ ਆਹਮੋ-ਸਾਹਮਣੇ ਖੜੇ ਹਨ। ਇਹ ਦਾਅਵਾ ਕੀਤਾ ਗਿਆ ਹੈ ਕਿ ਫਿੰਗਰ ਏਰੀਆ ਵਿੱਚ ਕੋਈ ਵੱਡਾ ਬਦਲਾਅ ਨਹੀਂ ਆਇਆ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਚੀਨੀ ਫੌਜ ਅਜੇ ਵੀ ਫਿੰਗਰ 4 ਰਿਜ ਖੇਤਰ ਵਿੱਚ ਮੌਜੂਦ ਹੈ। ਉਹ ਫਿੰਗਰ 4 ਤੋਂ ਦੂਰ ਹਟ ਕੇ ਫਿੰਗਰ 5 ‘ਤੇ ਆਪਣੀ ਫੌਜ ਨਾਲ ਮੌਜੂਦ ਹੈ। ਰਿਪੋਰਟ ਵਿੱਚ ਦੱਸਿਆ ਗਿਆ ਕਿ ਗਲਵਾਨ ਅਤੇ ਹੌਟ ਸਪਰਿੰਗ ਖੇਤਰਾਂ ਵਿੱਚ ਡਿਸਏਨਜਮੈਂਟ ਹੋ ਗਈ ਹੈ ਅਤੇ ਦੋਵਾਂ ਦੇਸ਼ਾਂ ਦੇ ਜਵਾਨ ਪਿੱਛੇ ਬੁਲਾ ਲਏ ਗਏ ਹਨ। ਇਸ ਤੋਂ ਪਹਿਲਾਂ ਚੀਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਮੰਗਲਵਾਰ ਨੂੰ ਕਿਹਾ ਕਿ ਚੀਨ ਅਤੇ ਭਾਰਤ ਦੀਆਂ ਫੌਜਾਂ ਨੇ ਸਰਹੱਦ ਦੇ ਨਾਲ ਲੱਗਦੇ ਬਹੁਤੇ ਸਥਾਨਾਂ ‘ਤੇ ਵਾਪਸੀ ਦੀ ਪ੍ਰਕਿਰਿਆ ਪੂਰੀ ਕਰ ਲਈ ਹੈ ਅਤੇ ਜ਼ਮੀਨੀ ਪੱਧਰ ‘ਤੇ ਤਣਾਅ ਘੱਟ ਰਿਹਾ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੈਨਬਿਨ ਤੋਂ ਪੁੱਛਿਆ ਗਿਆ ਕਿ ਕੀ ਭਾਰਤ ਅਤੇ ਚੀਨ ਦੀਆਂ ਫੌਜਾਂ ਨੇ ਪੂਰਬੀ ਲੱਦਾਖ ਦੇ ਗਲਵਾਨ, ਗੋਗਰਾ ਅਤੇ ਹੌਟ ਸਪਰਿੰਗ ਖੇਤਰਾਂ ਦੀ ਵਾਪਸੀ ਪੂਰੀ ਕਰ ਲਈ ਹੈ?
ਹਾਲਾਂਕਿ, ਚੀਨ ਦੇ ਅਧਿਕਾਰਤ ਮੀਡੀਆ ਦੇ ਪੱਤਰਕਾਰ ਵੱਲੋਂ ਪੁੱਛੇ ਗਏ ਪ੍ਰਸ਼ਨ ਵਿੱਚ ਪੈਨਗੋਂਗ ਦਾ ਸਪੱਸ਼ਟ ਤੌਰ ‘ਤੇ ਜ਼ਿਕਰ ਨਹੀਂ ਕੀਤਾ ਗਿਆ। ਜਦੋਂ ਕਿ ਇਹ ਸਥਾਨ ਦੋਵਾਂ ਧਿਰਾਂ ਵਿਚਾਲੇ ਟਕਰਾਅ ਦਾ ਮਹੱਤਵਪੂਰਣ ਸਥਾਨ ਰਿਹਾ ਹੈ। ਬੁਲਾਰੇ ਨੇ ਦੱਸਿਆ ਕਿ ਹਾਲ ਹੀ ਵਿੱਚ ਚੀਨ ਅਤੇ ਭਾਰਤ ਨੇ ਸੈਨਿਕ ਅਤੇ ਕੂਟਨੀਤਕ ਚੈਨਲਾਂ ਰਾਹੀਂ ਵਿਆਪਕ ਗੱਲਬਾਤ ਕੀਤੀ ਹੈ।
ਵਾਂਗ ਨੇ ਕਿਹਾ, “ਹੁਣ ਸਰਹੱਦ ‘ਤੇ ਫਰੰਟਲਾਈਨ ਫੌਜਾਂ ਨੇ ਬਹੁਤੇ ਸਥਾਨਾਂ ‘ਤੇ ਵਾਪਸੀ ਦੀ ਪ੍ਰਕਿਰਿਆ ਪੂਰੀ ਕਰ ਲਈ ਹੈ ਅਤੇ ਜ਼ਮੀਨੀ ਪੱਧਰ ‘ਤੇ ਤਣਾਅ ਘੱਟ ਰਿਹਾ ਹੈ। ਇਸ ਦੇ ਨਾਲ ਹੀ ਨਵੀਂ ਦਿੱਲੀ ਵਿੱਚ ਭਾਰਤ ਸਰਕਾਰ ਦੇ ਸੂਤਰਾਂ ਨੇ ਕਿਹਾ ਕਿ ਇਹ ਬਿਆਨ ਸਹੀ ਨਹੀਂ ਹੈ । ਵਾਂਗ ਨੇ ਪ੍ਰੈਸ ਬ੍ਰੀਫਿੰਗ ਵਿੱਚ ਕਿਹਾ, “ਅਸੀਂ ਕਮਾਂਡਰ ਪੱਧਰ ਦੇ ਚਾਰ ਦੌਰ ਚੱਲੇ ਅਤੇ ਸਲਾਹ ਮਸ਼ਵਰੇ ਅਤੇ ਤਾਲਮੇਲ ਲਈ ਕਾਰਜਕਾਰੀ ਮਕੈਨਿਜ਼ਮ (ਡਬਲਯੂਐਮਸੀਸੀ) ਦੀਆਂ ਤਿੰਨ ਮੀਟਿੰਗਾਂ ਕੀਤੀਆਂ ।” ਉਨ੍ਹਾਂ ਕਿਹਾ, “ਬਾਕੀ ਮੁੱਦਿਆਂ ਨੂੰ ਸੁਲਝਾਉਣ ਲਈ ਕਮਾਂਡਰ ਪੱਧਰ ਦਾ ਹੁਣ ਪੰਜਵਾਂ ਦੌਰ ਦੀ ਗੱਲਬਾਤ ਦਾ ਅਧਿਐਨ ਕਰਨ ਦੀ ਤਿਆਰੀ ਕਰ ਰਹੇ ਹਾਂ। ਸਾਨੂੰ ਉਮੀਦ ਹੈ ਕਿ ਭਾਰਤ ਚੀਨ ਦੇ ਨਾਲ ਸਾਡੇ ਵਿਚਕਾਰ ਹੋਏ ਸਮਝੌਤੇ ਨੂੰ ਲਾਗੂ ਕਰਨ ਅਤੇ ਸਰਹੱਦੀ ਖੇਤਰਾਂ ਵਿਚ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣ ਲਈ ਕੰਮ ਕਰੇਗਾ।