India China standoff: ਲੱਦਾਖ ਵਿੱਚ ਹੌਟ ਸਪ੍ਰਿੰਗ ਤੋਂ ਚੀਨ ਅਤੇ ਭਾਰਤ ਦੀ ਫੌਜ ਪਿੱਛੇ ਹਟ ਗਈ ਹੈ। ਡਿਸਐਨਗੇਜਮੈਂਟ ਦੀ ਪ੍ਰਕਿਰਿਆ ਦੇ ਤਹਿਤ ਦੋਵਾਂ ਦੇਸ਼ਾਂ ਦੀਆਂ ਫੌਜਾਂ ਪਿੱਛੇ ਹਟ ਗਈਆਂ ਹਨ। ਇਸ ਦੇ ਨਾਲ ਹੀ ਪੈਨਗੋਂਗ ਦੇ ਸਬੰਧ ਵਿੱਚ ਅਗਲੇ ਹਫਤੇ ਮਿਲਟਰੀ ਕਮਾਂਡਰ ਪੱਧਰ ਦੀ ਬੈਠਕ ਕੀਤੀ ਜਾ ਸਕਦੀ ਹੈ। ਫੌਜੀ ਅਤੇ ਕੂਟਨੀਤਕ ਪੱਧਰ ‘ਤੇ ਚੱਲ ਰਹੇ ਸੰਵਾਦ ਦੇ ਕਾਰਨ ਪੀਪੀ 15 ‘ਤੇ ਪੂਰੀ ਤਰ੍ਹਾਂ ਡਿਸਐਨਗੇਜਮੈਂਟ ਹੋਇਆ ਹੈ। ਇਸ ਤੋਂ ਪਹਿਲਾਂ ਗਲਵਾਨ ਅਤੇ ਗੋਗਰਾ ਖੇਤਰਾਂ ਵਿੱਚ ਵੀ ਡਿਸਐਨਗੇਜਮੈਂਟ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ । ਯਾਨੀ ਕਿ ਪੂਰਬੀ ਲੱਦਾਖ ਦੇ ਪੀਪੀ 15, ਪੀਪੀ 14 ਅਤੇ ਪੀਪੀ 17 ਏ ਵਿੱਚ ਡਿਸਐਨਗੇਜਮੈਂਟ ਹੋ ਚੁੱਕਿਆ ਹੈ।
ਦੱਸ ਦੇਈਏ ਕਿ ਪੈਨਗੋਂਗ ਅਤੇ ਹੌਟ ਸਪਰਿੰਗ ਅਜਿਹੇ ਖੇਤਰ ਹਨ, ਜਿੱਥੇ ਦੋਵੇਂ ਤਾਕਤਾਂ ਆਹਮੋ-ਸਾਹਮਣੇ ਹਨ। ਤਣਾਅ ਵਾਲੀ ਸਥਿਤੀ ਦੇ ਮੱਦੇਨਜ਼ਰ ਭਾਰਤੀ ਫੌਜ ਵੀ ਪੂਰੀ ਤਰ੍ਹਾਂ ਚੌਕਸ ਹੈ। ਪਰ ਹੁਣ ਦੋਵਾਂ ਦੇਸ਼ਾਂ ਦੀਆਂ ਤਾਕਤਾਂ ਹੌਟ ਸਪ੍ਰਿੰਗ ਤੋਂ ਪਿੱਛੇ ਹਟ ਗਈਆਂ ਹਨ, ਪਰ ਪੈਨਗੋਂਗ ‘ਤੇ ਗੱਲਬਾਤ ਅਗਲੇ ਹਫਤੇ ਹੋ ਸਕਦੀ ਹੈ। ਦੋਨੋਂ ਦੇਸ਼ਾਂ ਵਿੱਚ ਮਈ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਤਣਾਅ ਦੀ ਸਥਿਤੀ ਬਣੀ ਹੋਈ ਹੈ। ਗਤਿਰੋਧ ਨੂੰ ਖਤਮ ਕਰਨ ਲਈ ਫੌਜਾਂ ਨੇ ਗੱਲਬਾਤ ਰਾਹੀਂ ਕੋਈ ਹੱਲ ਕੱਢਣ ਦੀ ਕੋਸ਼ਿਸ਼ ਕੀਤੀ, ਜਿਸ ਵਿੱਚ ਇਹ ਫੈਸਲਾ ਲਿਆ ਗਿਆ ਕਿ ਜੋ ਵੀ ਵਿਵਾਦਿਤ ਖੇਤਰ ਹੈ, ਜਿੱਥੋਂ ਫੌਜਾਂ ਪਿੱਛੇ ਹਟਣਗੀਆਂ । 14 ਜੁਲਾਈ ਨੂੰ ਆਖਰੀ ਵਾਰ ਦੋਵਾਂ ਦੇਸ਼ਾਂ ਦੇ ਫੌਜ ਅਧਿਕਾਰੀਆਂ ਨੇ ਗੱਲਬਾਤ ਕੀਤੀ ਸੀ । ਚੀਨ ਨੇ ਕੋਰ ਕਮਾਂਡਰ ਦੀ ਬੈਠਕ ਤੋਂ ਬਾਅਦ ਹੀ ਹੌਟ ਸਪ੍ਰਿੰਗ ਤੋਂ ਪਿੱਛੇ ਹਟਣ ਦੇ ਸੰਕੇਤ ਦੇ ਦਿੱਤੇ ਸੀ, ਪਰ ਪੈਨਗੋਂਗ ਤੋਂ ਕੋਈ ਪਿੱਛੇ ਨਹੀਂ ਹਟ ਰਿਹਾ ਹੈ। ਚੀਨ ਫਿੰਗਰ 4 ਅਤੇ 5 ਖੇਤਰ ਵਿੱਚ ਟਿਕਿਆ ਰਹਿਣਾ ਚਾਹੁੰਦਾ ਹੈ।
ਗੌਰਤਲਬ ਹੈ ਕਿ 15 ਜੂਨ ਨੂੰ ਲੱਦਾਖ ਦੀ ਗਲਵਾਨ ਘਾਟੀ ਵਿੱਚ ਚੀਨ ਅਤੇ ਭਾਰਤ ਦੀ ਫੌਜ ਵਿਚਾਲੇ ਹਿੰਸਕ ਝੜਪ ਹੋਈ ਸੀ। ਇਸ ਵਿੱਚ ਭਾਰਤ ਦੇ 20 ਜਵਾਨ ਸ਼ਹੀਦ ਹੋਏ ਸਨ। ਇਸ ਵਿਚ ਚੀਨ ਨੂੰ ਵੀ ਨੁਕਸਾਨ ਝੱਲਣਾ ਪਿਆ ਸੀ । ਹਾਲਾਂਕਿ, ਉਸਨੇ ਇਹ ਨਹੀਂ ਦੱਸਿਆ ਕਿ ਉਸਦੇ ਕਿੰਨੇ ਸੈਨਿਕ ਮਾਰੇ ਗਏ । ਇਸ ਘਟਨਾ ਤੋਂ ਬਾਅਦ ਦੋਵਾਂ ਦੇਸ਼ਾਂ ਵਿੱਚ ਤਣਾਅ ਸਿਖਰ ‘ਤੇ ਪਹੁੰਚ ਗਿਆ ਸੀ । ਗੱਲਬਾਤ ਰਾਹੀਂ ਤਣਾਅ ਘਟਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਵਿੱਚ ਵਿਵਾਦਿਤ ਖੇਤਰਾਂ ਤੋਂ ਪਿੱਛੇ ਹਟਣ ਲਈ ਸਹਿਮਤੀ ਬਣੀ ।