India deploys T-90 tanks: ਨਵੀਂ ਦਿੱਲੀ: ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿੱਚ 15 ਜੂਨ ਦੀ ਰਾਤ ਨੂੰ ਭਾਰਤ ਅਤੇ ਚੀਨ ਦੀ ਫੌਜ ਵਿਚਾਲੇ ਹੋਈ ਹਿੰਸਕ ਝੜਪ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਵੱਧ ਗਿਆ ਹੈ। ਦੋਵਾਂ ਦੇਸ਼ਾਂ ਦੀਆਂ ਫੌਜਾਂ ਗਲਵਾਨ ਘਾਟੀ ਵਿੱਚ ਆਹਮੋ-ਸਾਹਮਣੇ ਹੋ ਗਈਆਂ ਹਨ। ਯੁੱਧ ਦੀ ਸਥਿਤੀ ਦੇ ਮੱਦੇਨਜ਼ਰ ਸਰਹੱਦ ‘ਤੇ ਹਥਿਆਰਾਂ ਦੀ ਗਿਣਤੀ ਵਧਾਈ ਜਾ ਰਹੀ ਹੈ। ਭਾਰਤ ਨੇ ਹੁਣ ਚੀਨ ਤੋਂ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਗਲਵਾਨ ਘਾਟੀ ਵਿੱਚ 6 ਟੀ-90 ਟੈਂਕਾਂ ਤਾਇਨਾਤ ਕਰ ਦਿੱਤੇ ਹਨ। ਦੱਸ ਦੇਈਏ ਕਿ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਨੂੰ ਘੱਟ ਕਰਨ ਲਈ ਇੱਕ ਵਾਰ ਫਿਰ ਚੋਟੀ ਦੇ ਸੈਨਿਕ ਕਮਾਂਡਰ ਪੱਧਰ ਦੀ ਗੱਲਬਾਤ ਚੱਲ ਰਹੀ ਹੈ।
ਦੱਸ ਦੇਈਏ ਕਿ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਅਸਲ ਕੰਟਰੋਲ ਰੇਖਾ ਦੇ ਨਾਲ ਲੱਗਦੀ ਆਪਣੀ ਗਤੀਵਿਧੀ ਨੂੰ ਤੇਜ਼ ਕਰ ਰਹੀ ਹੈ। ਸਰਹੱਦ ‘ਤੇ ਵੱਧ ਰਹੇ ਤਣਾਅ ਦੇ ਮੱਦੇਨਜ਼ਰ ਭਾਰਤੀ ਫੌਜ ਨੇ ਗਲਵਾਨ ਘਾਟੀ ਵਿੱਚ ਟੀ-90 ਭੀਸ਼ਮ ਟੈਂਕਾਂ ਨੂੰ ਵੀ ਤਾਇਨਾਤ ਕੀਤਾ ਹੈ । ਭਾਰਤੀ ਫੌਜ ਆਪਣੇ ਹਥਿਆਰਾਂ ਨੂੰ ਅਸਲ ਕੰਟਰੋਲ ਰੇਖਾ (LAC) ਦੇ ਆਪਣੇ ਹਿੱਸੇ ਦੇ ਅੰਦਰ ਸਾਰੀਆਂ ਵੱਡੀਆਂ ਉਚਾਈਆਂ ‘ਤੇ ਤਾਇਨਾਤ ਕਰ ਰਹੀ ਹੈ, ਤਾਂ ਜੋ ਕਿਸੇ ਵੀ ਸਥਿਤੀ ਨਾਲ ਆਸਾਨੀ ਨਾਲ ਨਜਿੱਠਿਆ ਜਾ ਸਕੇ।
ਚੀਨ ਨੂੰ ਸਰਹੱਦ ‘ਤੇ ਸਬਕ ਸਿਖਾਉਣ ਲਈ ਪੂਰਬੀ ਲੱਦਾਖ ਵਿੱਚ 1597 ਕਿਲੋਮੀਟਰ ਲੰਬੀ ਐਲਏਸੀ ਦੇ ਨਾਲ 155 ਮਿਲੀਮੀਟਰ ਹਾਵੀਟਜ਼ਰਸ ਦੇ ਨਾਲ ਪੈਦਲ ਲੜਾਕੂ ਵਾਹਨ ਤਾਇਨਾਤ ਕੀਤੇ ਗਏ ਹਨ। ਇਸਦੇ ਨਾਲ ਹੀ ਚੀਨ ਨੇ ਧੋਖਾਧੜੀ ਨਾਲ ਹਮਲਾ ਕਰਨ ਦੇ ਤਰੀਕੇ ਨੂੰ ਵੇਖਦੇ ਹੋਏ ਚੁਸ਼ੂਲ ਸੈਕਟਰ ਵਿੱਚ ਦੋ ਟੈਂਕਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਚੀਨ ਲਗਾਤਾਰ ਭਾਰਤ ‘ਤੇ ਦਬਾਅ ਬਣਾ ਰਿਹਾ ਹੈ ਕਿ ਜਿਸ ਧਰਤੀ ‘ਤੇ ਵਿਵਾਦ ਚੱਲ ਰਿਹਾ ਹੈ ਉਹ ਉਸਦੀ ਹੈ, ਜਦੋਂਕਿ ਭਾਰਤ ਪਹਿਲਾਂ ਹੀ ਚੀਨ ਨੂੰ ਸਪੱਸ਼ਟ ਕਰ ਚੁੱਕਾ ਹੈ ਕਿ ਉਹ ਇੱਕ ਇੰਚ ਵੀ ਜ਼ਮੀਨ ਦੇਣ ਲਈ ਤਿਆਰ ਨਹੀਂ ਹੈ।
ਫੌਜੀ ਕਮਾਂਡਰਾਂ ਅਨੁਸਾਰ ਇਸ ਵਾਰ ਭਾਰਤ ਸਰਹੱਦੀ ਵਿਵਾਦ ਨੂੰ ਲੈ ਕੇ ਲੰਬੀ ਲੜਾਈ ਲਈ ਪੂਰੀ ਤਰ੍ਹਾਂ ਤਿਆਰ ਹੈ । ਭਾਰਤੀ ਫੌਜ ਨੂੰ ਵੀ ਭਾਰਤ ਸਰਕਾਰ ਤੋਂ ਪੂਰੀ ਛੋਟ ਦਿੱਤੀ ਗਈ ਹੈ। ਅਜਿਹੀ ਸਥਿਤੀ ਵਿੱਚ ਜੇਕਰ ਚੀਨ ਵੱਲੋਂ ਕੋਈ ਕਾਰਵਾਈ ਕੀਤੀ ਜਾਂਦੀ ਹੈ ਤਾਂ ਉਹ ਉਸ ‘ਤੇ ਜਵਾਬੀ ਕਾਰਵਾਈ ਕਰ ਸਕਦਾ ਹੈ।