India protests over Saudi distorting: ਸਾਊਦੀ ਅਰਬ ਵੱਲੋਂ ਹਾਲ ਹੀ ਵਿੱਚ ਜਾਰੀ ਕੀਤੇ ਗਏ ਇੱਕ ਗਲੋਬਲ ਨਕਸ਼ੇ ਵਿੱਚ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਭਾਰਤ ਤੋਂ ਅਲੱਗ ਦਿਖਾਇਆ ਹੈ। ਜਿਸ ‘ਤੇ ਹੁਣ ਭਾਰਤ ਵੱਲੋਂ ਅਧਿਕਾਰਤ ਇਤਰਾਜ਼ ਜਤਾਇਆ ਗਿਆ ਹੈ ਅਤੇ ਇਸ ਨੂੰ ਠੀਕ ਕਰਨ ਲਈ ਕਿਹਾ ਗਿਆ ਹੈ। ਸਾਊਦੀ ਅਰਬ ਨੇ ਹਾਲ ਹੀ ਵਿੱਚ 20 ਰਿਆਲ ਦਾ ਨਵਾਂ ਨੋਟ ਜਾਰੀ ਕੀਤਾ ਹੈ, ਜਿਸ ਵਿੱਚ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਇੱਕ ਵੱਖਰਾ ਖੇਤਰ ਦਿਖਾਇਆ ਗਿਆ ਹੈ।
ਸਾਊਦੀ ਅਰਬ ਦੀ ਅਗਵਾਈ ਵਿੱਚ ਹਾਲ ਹੀ ਵਿੱਚ ਜੀ-20 ਦੀ ਬੈਠਕ ਹੋਣੀ ਹੈ, ਉਸੇ ਮੌਕੇ ਸਾਊਦੀ ਨੇ ਇੱਕ ਨੋਟ ਜਾਰੀ ਕੀਤਾ ਹੈ। ਜਿਸ ਵਿੱਚ ਕਿੰਗ ਸਲਮਾਨ ਦੀ ਤਸਵੀਰ, ਜੀ-20 ਸਾਊਦੀ ਸੰਮੇਲਨ ਦਾ ਲੋਗੋ ਅਤੇ ਜੀ-20 ਦੇਸ਼ਾਂ ਦਾ ਨਕਸ਼ਾ ਦਿਖਾਇਆ ਗਿਆ ਹੈ। ਇਸ ਨਕਸ਼ੇ ਵਿੱਚ ਜੰਮੂ-ਕਸ਼ਮੀਰ, ਜਿਸ ਵਿੱਚ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ਵੀ ਸ਼ਾਮਿਲ ਹੈ, ਉਸ ਨੂੰ ਇੱਕ ਵੱਖਰਾ ਹਿੱਸਾ ਦਿਖਾਇਆ ਗਿਆ ਹੈ । ਯਾਨੀ ਉਸ ਨੂੰ ਨਾ ਤਾਂ ਭਾਰਤ ਅਤੇ ਨਾ ਹੀ ਪਾਕਿਸਤਾਨ ਦਾ ਹਿੱਸਾ ਦਿਖਾਇਆ ਗਿਆ ਹੈ।
ਸਾਊਦੀ ਅਰਬ ਦੇ ਇਸ ਫੈਸਲੇ ਨਾਲ ਪਾਕਿਸਤਾਨ ਅਧਿਕਾਰਤ ਕਸ਼ਮੀਰ ਦੇ ਕਾਰਕੁਨ ਅਮਜਦ ਅਯੂਬ ਮਿਰਜ਼ਾ ਨੇ ਖੁਸ਼ੀ ਜ਼ਾਹਿਰ ਕੀਤੀ। ਉਨ੍ਹਾਂ ਨੇ ਪੀਓਕੇ ਅਤੇ ਗਿਲਗਿਟ-ਬਾਲਟਿਸਤਾਨ ਨੂੰ ਪਾਕਿਸਤਾਨ ਤੋਂ ਵੱਖ ਕਰਨ ਲਈ ਸਾਊਦੀ ਦੀ ਪ੍ਰਸ਼ੰਸਾ ਕੀਤੀ। ਸੂਤਰਾਂ ਅਨੁਸਾਰ ਜਦੋਂ ਭਾਰਤ ਨੇ ਇਸ ਨਕਸ਼ੇ ਨੂੰ ਵੇਖਿਆ ਤਾਂ ਇਸ ਵਿੱਚ ਇੱਕ ਗੜਬੜ ਪਾਈ ਗਈ । ਇਸ ਬਾਰੇ ਨਵੀਂ ਦਿੱਲੀ ਵਿੱਚ ਸਾਊਦੀ ਅਰਬ ਦੇ ਦੂਤਾਵਾਸ ਅਤੇ ਰਿਆਦ ਵਿੱਚ ਭਾਰਤੀ ਦੂਤਾਵਾਸ ਵਿੱਚ ਇਹ ਮੁੱਦਾ ਚੁੱਕਿਆ ਗਿਆ ਸੀ। ਹਾਲਾਂਕਿ ਇਸ ਮੁੱਦੇ ‘ਤੇ ਸਾਊਦੀ ਤੋਂ ਜਵਾਬ ਅਜੇ ਆਉਣਾ ਬਾਕੀ ਹੈ।
ਦੱਸ ਦੇਈਏ ਕਿ ਭਾਰਤ ਜੀ-20 ਦੇਸ਼ਾਂ ਦਾ ਹਿੱਸਾ ਹੈ, ਪਰ ਪਾਕਿਸਤਾਨ ਨਹੀਂ ਹੈ। ਇਹ ਸੰਮੇਲਨ 21-22 ਨਵੰਬਰ ਨੂੰ ਹੋਣੀ ਹੈ, ਅਜਿਹੀ ਸਥਿਤੀ ਵਿੱਚ ਸਾਊਦੀ ਅਰਬ ਦੇ ਸਾਹਮਣੇ ਨੋਟ ‘ਤੇ ਛਾਪੇ ਗਏ ਨਕਸ਼ੇ ਨੂੰ ਬਦਲਣ ਦਾ ਦਬਾਅ ਰਹੇਗਾ । ਪਿਛਲੇ ਦਿਨੀਂ ਭਾਰਤ ਅਤੇ ਸਾਊਦੀ ਅਰਬ ਦੀ ਦੋਸਤੀ ਮਜ਼ਬੂਤ ਹੋਈ ਹੈ, ਅਜਿਹੀ ਸਥਿਤੀ ਵਿੱਚ ਸਾਊਦੀ ਭਾਰਤ ਨਾਲ ਆਪਣੇ ਸਬੰਧਾਂ ਨੂੰ ਵਿਗਾੜਨਾ ਨਹੀਂ ਚਾਹੇਗਾ।