India Test Fires Land Attack Version: ਭਾਰਤ ਨੇ ਆਪਣੀ ਸਭ ਤੋਂ ਖਤਰਨਾਕ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਇਲ ਦੇ ਲੈਂਡ ਅਟੈਕ ਵਰਜ਼ਨ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ ਹੈ । ਇਸ ਮਿਜ਼ਾਇਲ ਦਾ ਪ੍ਰੀਖਣ 24 ਨਵੰਬਰ ਨੂੰ ਭਾਵ ਅੱਜ ਸਵੇਰੇ 10 ਵਜੇ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਦੇ ਕਿਸੇ ਅਣਜਾਣ ਟਾਪੂ ਤੋਂ ਕੀਤਾ ਗਿਆ । ਮਿਜ਼ਾਇਲ ਨਾਲ ਇਸ ਦੀਪ ਸਮੂਹ ਦੇ ਇੱਕ ਹੋਰ ਉਜਾੜ ਟਾਪੂ ‘ਤੇ ਲਗਾਏ ਗਏ ਨਿਸ਼ਾਨੇ ਨੂੰ ਨਸ਼ਟ ਕੀਤਾ ਗਿਆ। ਮਿਜ਼ਾਇਲ ਨੇ ਦਿੱਤੇ ਸਮੇਂ ਵਿੱਚ ਆਪਣੇ ਨਿਸ਼ਾਨੇ ਨੂੰ ਨਸ਼ਟ ਕਰ ਦਿੱਤਾ।
ਸੋਸ਼ਲ ਮੀਡੀਆ ‘ਤੇ ਭਾਰਤੀ ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਨੂੰ ਵਧਾਈਆਂ ਮਿਲਣ ਲੱਗੀਆਂ ਹਨ। ਲੋਕ ਇਸ ਸਫਲਤਾ ਲਈ DRDO ਦੇ ਰੱਖਿਆ ਵਿਗਿਆਨੀਆਂ ਦੀ ਪ੍ਰਸ਼ੰਸਾ ਕਰ ਰਹੇ ਹਨ। ਚੀਨ ਨਾਲ ਤਕਰੀਬਨ 8-9 ਮਹੀਨਿਆਂ ਤੋਂ ਸਰਹੱਦੀ ਵਿਵਾਦ ਅਤੇ ਤਣਾਅ ਵਿਚਾਲੇ ਪਿਛਲੇ ਕੁਝ ਦਿਨਾਂ ਵਿੱਚ ਭਾਰਤ ਨੇ ਕਈ ਮਿਜ਼ਾਇਲਾਂ, ਟਾਰਪੀਡੋ, ਐਂਟੀ-ਮਿਜ਼ਾਈਲ ਪ੍ਰਣਾਲੀਆਂ ਆਦਿ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ ਹੈ । ਅੱਜ ਹੋਏ ਪ੍ਰੀਖਣ ਦਾ ਉਦੇਸ਼ ਮਿਜ਼ਾਇਲ ਦੀ ਸੀਮਾ ਵਧਾਉਣਾ ਸੀ। ਇਸ ਧਰਤੀ ਤੋਂ ਸਤਹ ਮਿਜ਼ਾਈਲ ਦੀ ਸੀਮਾ 400 ਕਿਲੋਮੀਟਰ ਤੱਕ ਵਧਾ ਦਿੱਤੀ ਗਈ ਹੈ।
ਦੱਸ ਦੇਈਏ ਕਿ ਬ੍ਰਹਮੋਸ ਮਿਜ਼ਾਇਲ ਇੱਕ ਵਿਸ਼ਵਵਿਆਪੀ ਲੰਬੀ ਰੇਂਜ ਦੀ ਸੁਪਰਸੋਨਿਕ ਕਰੂਜ਼ ਮਿਜ਼ਾਇਲ ਪ੍ਰਣਾਲੀ ਹੈ ਜੋ ਜ਼ਮੀਨ, ਸਮੁੰਦਰ ਅਤੇ ਹਵਾ ਨਾਲ ਲਾਂਚ ਕੀਤੀ ਜਾ ਸਕਦੀ ਹੈ। ਇਹ ਮਿਜ਼ਾਇਲ ਨੂੰ ਭਾਰਤੀ ਫੌਜ, ਡੀਆਰਡੀਓ ਅਤੇ ਰੂਸ ਨੇ ਬਣਾਇਆ ਹੈ । ਇਸਦੇ ਸਿਸਟਮ ਨੂੰ ਦੋ ਰੂਪਾਂ ਅਨੁਸਾਰ ਤਿਆਰ ਕੀਤਾ ਗਿਆ ਹੈ। ਦਰਅਸਲ, ਬ੍ਰਹਮੋਸ ਮਿਜ਼ਾਇਲ 28 ਫੁੱਟ ਲੰਬੀ ਹੈ। ਇਸ ਦਾ ਭਾਰ 3000 ਕਿਲੋਗ੍ਰਾਮ ਹੈ। ਇਸ ਵਿੱਚ 200 ਕਿੱਲੋ ਦੇ ਰਵਾਇਤੀ ਅਤੇ ਪ੍ਰਮਾਣੂ ਹਥਿਆਰ ਲਗਾਏ ਜਾ ਸਕਦੇ ਹਨ। ਇਹ 300 ਕਿਲੋਮੀਟਰ ਤੋਂ 800 ਕਿਲੋਮੀਟਰ ਦੀ ਦੂਰੀ ‘ਤੇ ਬੈਠੇ ਦੁਸ਼ਮਣ ‘ਤੇ ਨਿਸ਼ਾਨਾ ਲਗਾਉਂਦੀ ਹੈ। ਇਸ ਦੀ ਗਤੀ ਇਸ ਨੂੰ ਸਭ ਤੋਂ ਵੱਧ ਮਾਰੂ ਬਣਾਉਂਦੀ ਹੈ। ਇਹ 4300 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਹਮਲਾ ਕਰਦੀ ਹੈ, ਯਾਨੀ 1.20 ਕਿਲੋਮੀਟਰ ਪ੍ਰਤੀ ਸਕਿੰਟ ਹੈ।
ਜ਼ਿਕਰਯੋਗ ਹੈ ਕਿ ਭਾਰਤ ਹੁਣ ਸੁਪਰਸੋਨਿਕ ਕਰੂਜ਼ ਮਿਜ਼ਾਇਲਾਂ ਲਈ ਬਾਜ਼ਾਰਾਂ ਦੀ ਭਾਲ ਕਰ ਰਿਹਾ ਹੈ। ਇਨ੍ਹਾਂਮਿਜ਼ਾਇਲਾਂ ਨੂੰ ਡੀਆਰਡੀਓ ਦੇ ਪ੍ਰੋਜੈਕਟ ਪੀਜੇ 10 ਦੇ ਅਧੀਨ ਬਣਾਇਆ ਗਿਆ ਹੈ । ਇਨ੍ਹਾਂ ਮਿਜ਼ਾਇਲਾਂ ਨੂੰ 90 ਦੇ ਦਹਾਕੇ ਤੋਂ ਬਾਅਦ ਭਾਰਤ ਅਤੇ ਰੂਸ ਵਿਚਾਲੇ ਸਾਂਝੇ ਯਤਨਾਂ ਤੋਂ ਬਾਅਦ ਤਿੰਨ ਤਾਕਤਾਂ ਵਿੱਚ ਸ਼ਾਮਿਲ ਕੀਤਾ ਗਿਆ ਸੀ ।