India will import oxygen: ਦੇਸ਼ ਵਿੱਚ ਕੋਰੋਨਾ ਦੀ ਦੂਜੀ ਲਹਿਰ ਤਬਾਹੀ ਮਚਾ ਰਹੀ ਹੈ। ਜਿਸ ਕਾਰਨ ਬਹੁਤ ਸਾਰੇ ਰਾਜਾਂ ਨੂੰ ਆਕਸੀਜਨ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੇਸ਼ ਵਿੱਚ ਆਕਸੀਜਨ ਦੀ ਕਮੀ ਕਾਰਨ ਬਹੁਤ ਸਾਰੇ ਮਰੀਜ਼ ਆਪਣੀ ਜਾਣ ਗੁਆ ਚੁੱਕੇ ਹਨ।

ਇਸੇ ਵਿਚਾਲੇ ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਸਰਕਾਰ ਦੇਸ਼ ਵਿੱਚ ਆਕਸੀਜਨ ਦੀ ਘਾਟ ਨੂੰ ਦੂਰ ਕਰਨ ਲਈ ਸਥਿਤੀ ਨੂੰ ਸੰਭਾਲਣ ਵਿੱਚ ਰੁੱਝੀ ਹੋਈ ਹੈ। ਸਰਕਾਰ ਪੰਜ ਦੇਸ਼ਾਂ ਤੋਂ 5,805 ਟਨ ਆਕਸੀਜਨ ਆਯਾਤ ਕਰਨ ਜਾ ਰਹੀ ਹੈ।
ਇਨ੍ਹਾਂ ਵਿੱਚੋਂ 3440 ਟਨ ਯੂਏਈ ਤੋਂ, 1,505 ਟਨ ਕੁਵੈਤ ਤੋਂ, 600 ਟਨ ਫਰਾਂਸ ਤੋਂ, 200 ਟਨ ਸਿੰਗਾਪੁਰ ਤੋਂ ਅਤੇ 60 ਟਨ ਬਹਿਰੀਨ ਤੋਂ ਆਯਾਤ ਕੀਤੀ ਜਾਵੇਗੀ । ਇਸ ਦੇ ਨਾਲ ਹੀ ਸਰਕਾਰ ਪੀਐਮ ਕੇਅਰਸ ਫੰਡ ਵਿੱਚੋਂ ਇੱਕ ਲੱਖ ਆਕਸੀਜਨ ਕੰਸਨਟ੍ਰੇਟਰ ਖਰੀਦਣ ਜਾ ਰਹੀ ਹੈ।

ਇਸ ਬਾਰੇ ਗ੍ਰਹਿ ਮੰਤਰਾਲੇ ਦੇ ਵਧੀਕ ਸਕੱਤਰ ਪੀਯੂਸ਼ ਗੋਇਲ ਨੇ ਕਿਹਾ ਕਿ ਆਕਸੀਜਨ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਸਰਕਾਰ 1,619 ਆਕਸੀਜਨ ਪਲਾਂਟ ਲਗਾਉਣ ਜਾ ਰਹੀ ਹੈ । ਸਪਲਾਈ ਵਧਾਉਣ ਲਈ ਸਰਕਾਰ ਨੇ ਆਰਗਨ ਅਤੇ ਨਾਈਟ੍ਰੋਜਨ ਲਿਜਾਣ ਵਾਲੇ 408 ਟੈਂਕਰਾਂ ਨੂੰ ਆਕਸੀਜਨ ਟੈਂਕਰਾਂ ਵਿੱਚ ਤਬਦੀਲ ਕਰ ਦਿੱਤਾ ਹੈ। ਹੁਣ ਤੱਕ 101 ਟੈਂਕਰ ਆਯਾਤ ਕੀਤੇ ਜਾ ਚੁੱਕੇ ਹਨ, ਜਦਕਿ 150 ਹੋਰ ਟੈਂਕਰ ਆਉਣੇ ਹਨ ।

ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਵਿਦੇਸ਼ੀ ਸਹਾਇਤਾ ਵਜੋਂ ਪ੍ਰਾਪਤ ਸਮੱਗਰੀ ਤੋਂ ਮੰਗਲਵਾਰ ਨੂੰ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 9,200ਕੰਸਨਟ੍ਰੇਟਰ, 5,243 ਆਕਸੀਜਨ ਸਿਲੰਡਰ ਅਤੇ 19 ਆਕਸੀਜਨ ਪਲਾਂਟ ਭੇਜੇ ਗਏ । ਮੰਗਲਵਾਰ ਨੂੰ ਜੋ ਸਮੱਗਰੀ ਮਿਲੀ ਉਹ ਜ਼ਿਆਦਾਤਰ ਯੂਏਈ, ਇਜ਼ਰਾਈਲ, ਅਮਰੀਕਾ ਅਤੇ ਨੀਦਰਲੈਂਡਜ਼ ਤੋਂ ਆਈ ਹੈ।