Indian Army asks soldiers: ਨਵੀਂ ਦਿੱਲੀ: ਭਾਰਤੀ ਫੌਜ ਦੇ ਅਧਿਕਾਰੀਆਂ ਅਤੇ ਜਵਾਨਾਂ ਨੂੰ ਫੇਸਬੁੱਕ-ਇੰਸਟਾਗ੍ਰਾਮ ਅਕਾਊਂਟ ਡਿਲੀਟ ਕਰਨ ਦੇ ਆਦੇਸ਼ ਦਿੱਤੇ ਗਏ ਹਨ । ਇਸ ਦੇ ਨਾਲ ਹੀ 89 ਹੋਰ ਐਪਸ ਦੀ ਸੂਚੀ ਵੀ ਜਾਰੀ ਕੀਤੀ ਗਈ ਹੈ, ਜਿਸ ਨੂੰ ਮੋਬਾਈਲ ਤੋਂ ਅਨਇੰਸਟਾਲ ਕਰਨਾ ਹੈ। ਆਦੇਸ਼ ਅਨੁਸਾਰ ਹਰੇਕ ਨੂੰ ਇਸਨੂੰ 15 ਜੁਲਾਈ ਤੱਕ ਪੂਰਾ ਕਰਨਾ ਹੈ। ਇਹ ਫੈਸਲਾ ਫੌਜ ਦੀ ਸੰਵੇਦਨਸ਼ੀਲ ਜਾਣਕਾਰੀ ਦੇ ਲੀਕ ਹੋਣ ਦਾ ਹਵਾਲਾ ਦਿੰਦਿਆਂ ਲਿਆ ਗਿਆ ਹੈ । ਫੌਜ ਨੇ ਕਿਹਾ ਹੈ ਕਿ ਜਿਨ੍ਹਾਂ ਦੇ ਵੀ ਮੋਬਾਈਲ ਵਿੱਚ ਫੇਸਬੁੱਕ, ਇੰਸਟਾਗ੍ਰਾਮ ਤੋਂ ਇਲਾਵਾ ਇਹ 89 ਐਪਸ ਮਿਲੇ, ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਇੱਕ ਰਿਪੋਰਟ ਅਨੁਸਾਰ ਫੌਜ ਦੇ ਇੱਕ ਅਧਿਕਾਰੀ ਨੇ ਕਿਹਾ ਹੈ ਕਿ ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਕਿਉਂਕਿ ਫੌਜ ਅਧਿਕਾਰੀਆਂ ਤੇ ਜਵਾਨਾਂ ‘ਤੇ ਇਨ੍ਹਾਂ ਐਪਸ ਰਾਹੀਂ ਚੀਨ ਅਤੇ ਪਾਕਿਸਤਾਨ ਵੱਲੋਂ ਆਨਲਾਈਨ ਨਿਗਰਾਨੀ ਰੱਖਣ ਦੀਆਂ ਘਟਨਾਵਾਂ ਵਧੀਆਂ ਹਨ। ਗੌਰਤਲਬ ਹੈ ਕਿ ਬੀਤੇ ਨਵੰਬਰ ਵਿੱਚ ਫੌਜ ਨੇ ਆਪਣੇ ਸਟਾਫ ਨੂੰ ਨਿਰਦੇਸ਼ ਦਿੱਤਾ ਸੀ ਕਿ ਅਧਿਕਾਰਤ ਕੰਮ ਲਈ ਵਟਸਐਪ ਦੀ ਵਰਤੋਂ ਨਾ ਕੀਤੀ ਜਾਵੇ । ਨਾਲ ਹੀ ਮਹੱਤਵਪੂਰਨ ਅਹੁਦਿਆਂ ‘ਤੇ ਮੌਜੂਦ ਫੌਜ ਦੇ ਅਧਿਕਾਰੀਆਂ ਨਾਲ ਫੇਸਬੁੱਕ ਅਕਾਊਂਟ ਡਿਲੀਟ ਕਰਨ ਲਈ ਕਿਹਾ ਗਿਆ ਸੀ।
ਪਿਛਲੇ ਸਾਲਾਂ ਵਿੱਚ ਅਜਿਹੇ ਮਾਮਲੇ ਉਦੋਂ ਸਾਹਮਣੇ ਆਏ ਹਨ ਜਦੋਂ ਪਾਕਿਸਤਾਨੀ ਏਜੇਂਸੀ ਵੱਲੋਂ ਔਰਤ ਬਣ ਕੇ ਹਨੀ ਟ੍ਰੈਪ ‘ਚ ਫਸਾ ਕੇ ਫੌਜ ਦੇ ਸਟਾਫ ਤੋਂ ਗੁਪਤ ਜਾਣਕਾਰੀ ਹਾਸਲ ਕੀਤੀ ਗਈ ਸੀ । ਤਾਜ਼ਾ ਆਦੇਸ਼ ਦੇ ਅਨੁਸਾਰ ਗੁਪਤ ਜਾਣਕਾਰੀ ਅਤੇ ਰਾਸ਼ਟਰੀ ਸੁਰੱਖਿਆ ਦੇ ਮੱਦੇਨਜ਼ਰ ਨੇਵੀ ਨੇ ਆਪਣੇ ਸਾਰੇ ਸਟਾਫ ਦੀ ਫੇਸਬੁੱਕ ਦੀ ਵਰਤੋਂ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਨਾਲ ਹੀ ਨੇਵੀ ਬੇਸ ‘ਤੇ ਸਮਾਰਟ ਫੋਨ ਨਾ ਲਿਜਾਣ ਦੇ ਆਦੇਸ਼ ਦਿੱਤੇ ਗਏ ਹਨ । ਇਹ ਫੈਸਲਾ ਜਲ ਸੈਨਾ ਵਿੱਚ ਬੀਤੇ ਦਸੰਬਰ ਮਹੀਨੇ ਵਿੱਚ ਲਿਆ ਗਿਆ ਸੀ।
ਦੱਸ ਦੇਈਏ ਕਿ ਹੁਣ ਤੱਕ ਭਾਰਤੀ ਫੌਜ ਨੇ ਆਪਣੇ ਸਟਾਫ ਨੂੰ ਕੁਝ ਪਾਬੰਦੀਆਂ ਨਾਲ ਫੇਸਬੁੱਕ ਵਰਤਣ ਦੀ ਇਜਾਜ਼ਤ ਦਿੱਤੀ ਹੋਈ ਸੀ। ਫੌਜ ‘ਤੇ ਸਿਰਫ ਵਰਦੀਆਂ ਵਿੱਚ ਤਸਵੀਰ ਪੋਸਟ ਨਾ ਕਰਨਾ ਅਤੇ ਆਪਣੀ ਯੂਨਿਟ ਦੀ ਜਗ੍ਹਾ ਦਾ ਖੁਲਾਸਾ ਨਾ ਕਰਨ ਵਰਗੀਆਂ ਪਾਬੰਦੀਆਂ ਸਨ। ਇੱਕ ਰਿਪੋਰਟ ਅਨੁਸਾਰ ਗੁਪਤ ਅਤੇ ਸੰਵੇਦਨਸ਼ੀਲ ਜਾਣਕਾਰੀ ਪੋਸਟ ਕਰਨ ਦੇ ਕਾਰਨ ਫੌਜ ਵਿੱਚ ਬਹੁਤ ਸਾਰੇ ਅਧਿਕਾਰੀਆਂ ਨੂੰ ਮਾਰਸ਼ਲ ਤੱਕ ਕੀਤਾ ਜਾ ਚੁੱਕਿਆ ਹੈ।