Jagannath Puri Rath Yatra: ਨਵੀਂ ਦਿੱਲੀ: ਭਗਵਾਨ ਜਗਨਨਾਥ ਦੀ ਰੱਥ ਯਾਤਰਾ ਸੁਪਰੀਮ ਕੋਰਟ ਤੋਂ ਆਗਿਆ ਮਿਲਣ ਤੋਂ ਬਾਅਦ ਮੰਗਲਵਾਰ ਨੂੰ ਉੜੀਸਾ ਦੇ ਪੁਰੀ ਵਿੱਚ ਕੱਢੀ ਜਾ ਰਹੀ ਹੈ। ਸੁਪਰੀਮ ਕੋਰਟ ਨੇ ਆਪਣੇ ਪੁਰਾਣੇ ਆਦੇਸ਼ ਨੂੰ ਬਦਲਦਿਆਂ ਕਿਹਾ ਕਿ ਸ਼ਰਧਾਲੂ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਇਸ ਰੱਥ ਯਾਤਰਾ ਵਿਚ ਹਿੱਸਾ ਨਹੀਂ ਲੈ ਸਕਣਗੇ । ਅਦਾਲਤ ਨੇ ਉੜੀਸਾ ਸਰਕਾਰ ਨੂੰ ਨਿਰਦੇਸ਼ ਦਿੱਤੇ ਕਿ ਯਾਤਰਾ ਦੌਰਾਨ ਪੁਰੀ ਵਿੱਚ ਕਰਫਿਊ ਲਾਗੂ ਕੀਤਾ ਜਾਵੇ। ਇਸਦੇ ਨਾਲ ਹੀ 500 ਤੋਂ ਵੱਧ ਲੋਕ ਰੱਥ ਨਾ ਖਿੱਚਣ। ਸਾਰੇ ਲੋਕ ਜੋ ਰੱਥ ਨੂੰ ਖਿੱਚਦੇ ਹਨ ਉਹਨਾਂ ਦਾ ਕੋਰੋਨਾ ਟੈਸਟ ਹੋਣਾ ਚਾਹੀਦਾ ਹੈ ਅਤੇ ਸਮਾਜਿਕ ਦੂਰੀਆਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ।
ਦਰਅਸਲ, ਰੱਥ ਯਾਤਰਾ ਮੰਗਲਵਾਰ ਸਵੇਰੇ 9 ਵਜੇ ਸ਼ੁਰੂ ਹੋਈ । ਇਸ ਲਈ ਸੋਮਵਾਰ ਸ਼ਾਮ 4 ਵਜੇ ਤੋਂ ਸ਼ਹਿਰ ਵਿਚ ਧਾਰਾ 144 ਲਾਗੂ ਕਰ ਦਿੱਤੀ ਗਈ । ਸੁਪਰੀਮ ਕੋਰਟ ਨੇ ਉੜੀਸਾ ਸਰਕਾਰ ਨੂੰ ਕਿਹਾ ਕਿ ਜੇ ਸਥਿਤੀ ਬੇਕਾਬੂ ਦਿਖਾਈ ਦਿੰਦੀ ਹੈ ਤਾਂ ਰੱਥ ਯਾਤਰਾ ਨੂੰ ਰੋਕਿਆ ਜਾ ਸਕਦਾ ਹੈ । ਅਦਾਲਤ ਨੇ ਇਹ ਵੀ ਕਿਹਾ ਕਿ ਪੁਰੀ ਤੋਂ ਇਲਾਵਾ, ਉੜੀਸਾ ਵਿੱਚ ਕਿਤੇ ਹੋਰ ਰੱਥ ਯਾਤਰਾ ਨਹੀਂ ਕੱਢੀ ਜਾਵੇਗੀ।
ਇਸ ਸਬੰਧੀ ਮੰਦਰ ਦੇ ਸੇਵਾਦਾਰ ਰਾਜੇਂਦਰ ਮੁਦਾਲੀ ਨੇ ਦੱਸਿਆ ਕਿ ਮਹਾਪ੍ਰਭੂ ਦੀ ਮਾਸੀ ਦੇ ਘਰ ਯਾਨੀ ਗੁੰਡੀਚਾ ਮੰਦਰ ਦੀ ਯਾਤਰਾ ਦੁਪਹਿਰ 2.30 ਵਜੇ ਸ਼ੁਰੂ ਹੋਵੇਗੀ। ਮੰਦਰ ਦੀ ਦੂਰੀ ਸਾਢੇ ਤਿੰਨ ਕਿਲੋਮੀਟਰ ਹੈ। ਜਿੱਥੇ ਸੂਰਜ ਡੁੱਬ ਜਾਵੇਗਾ, ਯਾਤਰਾ ਉਥੇ ਹੀ ਰੁਕ ਜਾਵੇਗੀ। ਉਨ੍ਹਾਂ ਦੱਸਿਆ ਕਿ ਰੱਥ ਖਿੱਚਣ ਵਾਲੇ ਸੇਵਾਦਾਰਾਂ ਦਾ ਕੋਰੋਨਾ ਟੈਸਟ ਹੋ ਚੁੱਕਿਆ ਹੈ ਤੇ ਹਰ ਕਿਸੇ ਦੀ ਰਿਪੋਰਟ ਨੈਗੇਟਿਵ ਆਈ ਹੈ।
ਦੱਸ ਦੇਈਏ ਕਿ ਉੜੀਸਾ ਦੇ ਪੁਰੀ ਅਤੇ ਗੁਜਰਾਤ ਦੇ ਅਹਿਮਦਾਬਾਦ ਵਿੱਚ ਨਿਕਲ ਰਹੀ ਯਾਤਰਾ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਧਾਈ ਦਿੱਤੀ ਹੈ । ਇਸ ਸਬੰਧੀ ਮੰਗਲਵਾਰ ਸਵੇਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਲਿਖਿਆ, ‘ਭਗਵਾਨ ਜਗਨਨਾਥ ਦੀ ਰੱਥ ਯਾਤਰਾ ਦੇ ਸ਼ੁਭ ਅਵਸਰ ‘ਤੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਤਹਿ ਦਿਲੋਂ ਵਧਾਈਆਂ। ਮੇਰੀ ਇੱਛਾ ਹੈ ਕਿ ਸ਼ਰਧਾ ਅਤੇ ਭਗਤੀ ਨਾਲ ਭਰੀ ਇਹ ਯਾਤਰਾ ਦੇਸ਼ਵਾਸੀਆਂ ਦੇ ਜੀਵਨ ਵਿੱਚ ਸੁੱਖ, ਖੁਸ਼ਹਾਲੀ, ਚੰਗੀ ਕਿਸਮਤ ਅਤੇ ਸਿਹਤ ਲੈ ਕੇ ਆਵੇ। ਜੈ ਜਗਨਾਥ !’