Jammu police arrest 6 terrorists: ਜੰਮੂ: ਪੁਲਿਸ ਨੇ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਫੰਡਿੰਗ ਨੈਟਵਰਕ ਦਾ ਪਰਦਾਫਾਸ਼ ਕਰਦਿਆਂ 6 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜੰਮੂ ਪੁਲਿਸ ਦੇ ਅਨੁਸਾਰ ਲਸ਼ਕਰ ਹੁਣ ਵਾਹਗਾ ਸਰਹੱਦ ਤੋਂ ਭਾਰਤ ਆਉਣ ਵਾਲੇ ਆਪਣੇ ਨਾਗਰਿਕਾਂ ਨੂੰ ਰਾਜ ਵਿੱਚ ਕੰਮ ਕਰ ਰਹੇ ਅੱਤਵਾਦੀਆਂ ਨੂੰ ਪੈਸੇ ਭੇਜਣ ਲਈ ਇਸਤੇਮਾਲ ਕਰਦਾ ਹੈ। ਜੰਮੂ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸਓਜੀ) ਨੇ ਇਹ ਗ੍ਰਿਫਤਾਰੀਆਂ ਕੀਤੀਆਂ ਹਨ। ਲਸ਼ਕਰ-ਏ-ਤੋਇਬਾ ਦੇ ਛੇ ਅੱਤਵਾਦੀ ਐਸਓਜੀ ਨੇ ਗ੍ਰਿਫਤਾਰ ਕੀਤੇ ਹਨ, ਜੋ ਜੰਮੂ-ਕਸ਼ਮੀਰ ਵਿੱਚ ਸਰਗਰਮ ਆਪਣੇ ਅੱਤਵਾਦੀਆਂ ਨੂੰ ਪਾਕਿਸਤਾਨ ਤੋਂ ਆਏ ਪੈਸੇ ਭੇਜਦੇ ਸਨ। ਜੰਮੂ ਪੁਲਿਸ ਨੇ ਗ੍ਰਿਫਤਾਰ ਕੀਤੇ ਗਏ ਲਸ਼ਕਰ ਦੇ ਛੇ ਅੱਤਵਾਦੀਆਂ ਦੀ ਪਛਾਣ ਮੁਬਾਸ਼ਿਰ ਫਾਰੂਕ ਭੱਟ, ਤੌਕੀਰ ਅਹਿਮਦ ਭੱਟ, ਆਸਿਫ ਭੱਟ, ਖਾਲਿਦ ਲਤੀਫ਼, ਗਾਜ਼ੀ ਇਕਬਾਲ ਅਤੇ ਤਾਰਿਕ ਹਸਨ ਮੀਰ ਵਜੋਂ ਕੀਤੀ ਹੈ। ਇਹ ਸਾਰੇ ਅੱਤਵਾਦੀ ਸਰਹੱਦ ਪਾਰ ਬੈਠੇ ਲਸ਼ਕਰ ਦੇ ਕਮਾਂਡਰ ਹਾਰੂਨ ਉਰਫ ਖੁਸ਼ਬਾਬ ਦੇ ਸੰਪਰਕ ਵਿੱਚ ਸਨ। ਜੰਮੂ ਰੇਂਜ ਦੇ ਆਈਜੀਪੀ ਮੁਕੇਸ਼ ਸਿੰਘ ਦੇ ਅਨੁਸਾਰ, ਫੜੇ ਗਏ ਅੱਤਵਾਦੀਆਂ ਨੂੰ ਜੰਮੂ-ਕਸ਼ਮੀਰ ਵਿੱਚ ਨੌਜਵਾਨਾਂ ਨੂੰ ਅੱਤਵਾਦੀ ਸੰਗਠਨਾਂ ‘ਚ ਸ਼ਾਮਿਲ ਕਰਵਾਉਣ, ਰਾਜ ਵਿੱਚ ਕੰਮ ਕਰ ਰਹੇ ਅੱਤਵਾਦੀਆਂ ਦੀ ਹਰ ਸੰਭਵ ਮਦਦ ਕਰਨ, ਸੁਰੱਖਿਆ ਬਲਾਂ ਦੇ ਠਿਕਾਣਿਆਂ ਦੀ ਜਾਣਕਾਰੀ ਸਾਂਝੀ ਕਰਨ, ਅੱਤਵਾਦੀਆਂ ਅਤੇ ਹਥਿਆਰਾਂ ਲਿਆਉਣ ਜਾ ਲਿਜਾਣ ਅਤੇ ਮਾਰੇ ਗਏ ਅੱਤਵਾਦੀਆਂ ਦੇ ਪਰਿਵਾਰਾਂ ਨੂੰ ਪੈਸੇ ਭੇਜਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ।
ਪੁਲਿਸ ਦੇ ਅਨੁਸਾਰ, ਇਨ੍ਹਾਂ ਅੱਤਵਾਦੀਆਂ ਨੇ ਜੰਮੂ ਦੇ ਉਧਮਪੁਰ ਵਿੱਚ ਫੌਜ ਦੀ ਉੱਤਰੀ ਕਮਾਂਡ ਅਤੇ ਕਸ਼ਮੀਰ ਦੇ ਉੜੀ ਵਿੱਚ ਸੈਨਾ ਦੇ ਠਿਕਾਣਿਆਂ ਦੀ ਜਾਣਕਾਰੀ ਪਾਕਿਸਤਾਨੀ ਆਕਾਵਾਂ ਨਾਲ ਸਾਂਝੀ ਕੀਤੀ ਸੀ। ਮੁਕੇਸ਼ ਸਿੰਘ ਨੇ ਦਾਅਵਾ ਕੀਤਾ ਹੈ ਕਿ ਇਹ ਸਾਰੇ ਅੱਤਵਾਦੀ ਉਨ੍ਹਾਂ ਦੇ ਪਾਕਿਸਤਾਨੀ ਆਕਾਵਾਂ ਨਾਲ ਵਟਸਐਪ ਸਮੇਤ ਸਾਰੇ ਐਨਕ੍ਰਿਪਟਡ ਐਪਲੀਕੇਸ਼ਨਾਂ ਦੇ ਰਾਹੀਂ ਸੰਪਰਕ ਵਿੱਚ ਸਨ ਅਤੇ ਪਾਕਿਸਤਾਨ ਉਨ੍ਹਾਂ ਨੂੰ ਕਈ ਤਰੀਕਿਆਂ ਨਾਲ ਪੈਸੇ ਭੇਜਦਾ ਸੀ। ਪਾਕਿਸਤਾਨ ਵਾਹਗਾ ਸਰਹੱਦ ਰਾਹੀਂ ਭਾਰਤ ਆਉਣ ਵਾਲੇ ਆਪਣੇ ਨਾਗਰਿਕਾਂ ਦੇ ਹੱਥ ਅੱਤਵਾਦੀਆਂ ਨੂੰ ਪੈਸੇ ਭੇਜ ਰਿਹਾ ਹੈ। ਇਸ ਦੇ ਨਾਲ ਹੀ ਹਵਾਲਾ ਦੇ ਜ਼ਰੀਏ ਮੁੰਬਈ ਤੋਂ ਜੰਮੂ-ਕਸ਼ਮੀਰ ਲਈ ਪੈਸਾ ਵੀ ਭੇਜਿਆ ਗਿਆ ਹੈ। ਜੰਮੂ ਪੁਲਿਸ ਅਨੁਸਾਰ ਇਸ ਅੱਤਵਾਦੀ ਫੰਡਿੰਗ ਨੈਟਵਰਕ ਦੀਆਂ ਤਾਰਾਂ ਜੰਮੂ ਕਸ਼ਮੀਰ ਸਮੇਤ ਪੰਜਾਬ ਅਤੇ ਉੱਤਰ ਪ੍ਰਦੇਸ਼ ਦੇ ਕਈ ਇਲਾਕਿਆਂ ਨਾਲ ਜੁੜੀਆਂ ਹੋਈਆਂ ਹਨ।