ਨਾਸਿਕ ਪੁਲਿਸ ਨੇ ਅੱਜ ਕੇਂਦਰੀ ਮੰਤਰੀ ਨਰਾਇਣ ਰਾਣੇ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਵਿਰੁੱਧ ਦਿੱਤੇ ਵਿਵਾਦਪੂਰਨ ਬਿਆਨ ਲਈ ਰਤਨਾਗਿਰੀ ਜ਼ਿਲ੍ਹੇ ਤੋਂ ਗ੍ਰਿਫਤਾਰ ਕਰ ਲਿਆ ਹੈ। ਰਾਣੇ ਜਨ ਆਸ਼ੀਰਵਾਦ ਯਾਤਰਾ ‘ਤੇ ਸਨ।
ਪੁਲਿਸ ਨੇ ਦੱਸਿਆ ਕਿ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਰਾਣੇ ਨੂੰ ਸੰਗਮੇਸ਼ਵਰ ਪੁਲਿਸ ਸਟੇਸ਼ਨ ਲਿਜਾਇਆ ਗਿਆ ਹੈ। ਹੁਣ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਿਸ ਦੇ ਇਸ ਕਦਮ ਤੋਂ ਬਾਅਦ ਭਾਜਪਾ ਨੇ ਸਖਤ ਪ੍ਰਤੀਕਿਰਿਆ ਦਿੱਤੀ ਹੈ। ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਟਵੀਟ ਕਰ ਕਿਹਾ ਹੈ ਕਿ, “ਮਹਾਰਾਸ਼ਟਰ ਸਰਕਾਰ ਦੁਆਰਾ ਕੇਂਦਰੀ ਮੰਤਰੀ ਨਰਾਇਣ ਰਾਣੇ ਜੀ ਦੀ ਗ੍ਰਿਫਤਾਰੀ ਸੰਵਿਧਾਨਕ ਕਦਰਾਂ ਕੀਮਤਾਂ ਦੀ ਉਲੰਘਣਾ ਹੈ। ਅਜਿਹੀ ਕਾਰਵਾਈ ਨਾਲ ਅਸੀਂ ਨਾ ਤਾਂ ਡਰਾਂਗੇ ਅਤੇ ਨਾ ਹੀ ਦਬਾਂਗੇ। ਇਹ ਲੋਕ ਜਨ-ਆਸ਼ੀਰਵਾਦ ਯਾਤਰਾ ਵਿੱਚ ਭਾਜਪਾ ਨੂੰ ਮਿਲ ਰਹੇ ਅਥਾਹ ਸਮਰਥਨ ਤੋਂ ਪ੍ਰੇਸ਼ਾਨ ਹਨ। ਅਸੀਂ ਜਮਹੂਰੀ ਢੰਗ ਨਾਲ ਲੜਦੇ ਰਹਾਂਗੇ, ਯਾਤਰਾ ਜਾਰੀ ਰਹੇਗੀ।”
ਕੇਂਦਰੀ ਮੰਤਰੀ ਨਰਾਇਣ ਰਾਣੇ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਵਿਰੁੱਧ ‘ਥੱਪੜ ਨਾਲ ਸਬੰਧਤ ਟਿੱਪਣੀ’ ਲਈ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਰਾਣੇ ਨੇ ਜੁਲਾਈ ਮਹੀਨੇ ਵਿੱਚ ਹੀ ਨਰਿੰਦਰ ਮੋਦੀ ਦੇ ਮੰਤਰੀ ਮੰਡਲ ਵਿੱਚ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਮੰਤਰੀ ਵਜੋਂ ਕਾਰਜਭਾਰ ਸੰਭਾਲਿਆ ਸੀ। ਰਾਣੇ 20 ਸਾਲਾਂ ਵਿੱਚ ਗ੍ਰਿਫਤਾਰ ਕੀਤੇ ਜਾਣ ਵਾਲੇ ਪਹਿਲੇ ਕੇਂਦਰੀ ਮੰਤਰੀ ਹਨ। ਰਾਣੇ ਦੀ ਗ੍ਰਿਫਤਾਰੀ ਦਾ ਖਦਸ਼ਾ ਉਦੋਂ ਵੱਧ ਗਿਆ ਸੀ ਜਦੋਂ ਬੰਬੇ ਹਾਈ ਕੋਰਟ ਨੇ ਗ੍ਰਿਫਤਾਰੀ ਤੋਂ ਸੁਰੱਖਿਆ ਦੀ ਮੰਗ ਕਰਨ ਵਾਲੀ ਪਟੀਸ਼ਨ ‘ਤੇ ਤੁਰੰਤ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਸੀ। ਨਰਾਇਣ ਰਾਣੇ ਨੇ ਮੰਗਲਵਾਰ ਨੂੰ ਬੰਬੇ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਸੀ, ਜਿਸ ਵਿੱਚ ਮੁੱਖ ਮੰਤਰੀ ਊਧਵ ਠਾਕਰੇ ਵਿਰੁੱਧ ਉਨ੍ਹਾਂ ਦੀ ਟਿੱਪਣੀ ਕਾਰਨ ਉਨ੍ਹਾਂ ‘ਤੇ ਦਰਜ ਐਫਆਈਆਰ ਨੂੰ ਚੁਣੌਤੀ ਦਿੱਤੀ ਗਈ ਸੀ ਅਤੇ ਗ੍ਰਿਫਤਾਰੀ ਤੋਂ ਸੁਰੱਖਿਆ ਦੀ ਬੇਨਤੀ ਕੀਤੀ ਸੀ। ਹਾਲਾਂਕਿ, ਬੈਂਚ ਨੇ ਇਸ ‘ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ (ਪਟੀਸ਼ਨ) ਦਾ ਜ਼ਿਕਰ ਕਰਨਾ ਜਾਇਜ਼ ਨਹੀਂ ਹੈ। ਬੈਂਚ ਨੇ ਕਿਹਾ ਸੀ ਕਿ ਵਕੀਲ ਨੂੰ ਪ੍ਰਕਿਰਿਆ ਦੀ ਪਾਲਣਾ ਕਰਨੀ ਪਏਗੀ।
ਮਹੱਤਵਪੂਰਨ ਗੱਲ ਇਹ ਹੈ ਕਿ ਰਾਣੇ ਨੇ ਦਾਅਵਾ ਕੀਤਾ ਸੀ ਕਿ ਆਪਣੇ ਆਜ਼ਾਦੀ ਦਿਵਸ ਦੇ ਭਾਸ਼ਣ ਵਿੱਚ ਠਾਕਰੇ ਭੁੱਲ ਗਏ ਸਨ ਕਿ ਦੇਸ਼ ਦੀ ਆਜ਼ਾਦੀ ਨੂੰ ਕਿੰਨੇ ਸਾਲ ਬੀਤ ਗਏ ਹਨ। ਬਾਅਦ ਵਿੱਚ ਇਸ ਸੰਦਰਭ ਵਿੱਚ, ਉਨ੍ਹਾਂ ਨੇ ਊਧਵ ਠਾਕਰੇ ਦੇ ਖਿਲਾਫ ਇੱਕ ਵਿਵਾਦਪੂਰਨ ਬਿਆਨ ਦਿੱਤਾ ਸੀ। ਸੋਮਵਾਰ ਨੂੰ ਰਾਏਗੜ੍ਹ ਜ਼ਿਲ੍ਹੇ ਵਿੱਚ ‘ਜਨ ਆਸ਼ੀਰਵਾਦ ਯਾਤਰਾ’ ਦੌਰਾਨ ਰਾਣੇ ਨੇ ਕਿਹਾ, “ਇਹ ਸ਼ਰਮਨਾਕ ਹੈ ਕਿ ਮੁੱਖ ਮੰਤਰੀ ਨੂੰ ਇਹ ਨਹੀਂ ਪਤਾ ਕਿ ਆਜ਼ਾਦੀ ਨੂੰ ਕਿੰਨੇ ਸਾਲ ਹੋ ਗਏ ਹਨ। ਭਾਸ਼ਣ ਦੇ ਦੌਰਾਨ, ਉਨ੍ਹਾਂ ਨੂੰ ਪਿੱਛੇ ਮੁੜ ਕੇ ਪੁੱਛ ਦੇ ਵੇਖਿਆ ਗਿਆ ਸੀ। ਜੇ ਮੈਂ ਉੱਥੇ ਹੁੰਦਾ, ਤਾਂ ਮੈਂ ਉਨ੍ਹਾਂ ਨੂੰ ਇੱਕ ਜ਼ੋਰਦਾਰ ਥੱਪੜ ਮਾਰਦਾ।”
ਇਹ ਵੀ ਪੜ੍ਹੋ : BJP ਮੰਤਰੀ ਨਰਾਇਣ ਰਾਣੇ ਨੂੰ ਕੀਤਾ ਗਿਆ ਗ੍ਰਿਫਤਾਰ, 20 ਸਾਲਾਂ ‘ਚ ਪਹਿਲੀ ਵਾਰ ਕਿਸੇ ਕੇਂਦਰੀ ਮੰਤਰੀ ਦੀ ਹੋਈ ਗ੍ਰਿਫਤਾਰੀ, ਜਾਣੋ ਕਾਰਨ
ਇਸ ਬਿਆਨ ਤੋਂ ਬਾਅਦ ਪੁਲਿਸ ਨੇ ਐਫਆਈਆਰ ਦਰਜ ਕੀਤੀ ਸੀ। ਨਾਸਿਕ ਦੇ ਪੁਲਿਸ ਕਮਿਸ਼ਨਰ ਦੀਪਕ ਪਾਂਡੇ ਨੇ ਨਾਰਾਇਣ ਰਾਣੇ ਦੀ ਤੁਰੰਤ ਗ੍ਰਿਫਤਾਰੀ ਦੇ ਆਦੇਸ਼ ਜਾਰੀ ਕੀਤੇ ਅਤੇ ਇੱਕ ਪੁਲਿਸ ਟੀਮ ਕੋਂਕਣ ਸ਼ਹਿਰ ਦੇ ਚਿਪਲੂਨ ਭੇਜੀ ਗਈ। ਜਿਸ ਤੋਂ ਬਾਅਦ ਪੁਲਿਸ ਨੇ ਰਾਣੇ ਨੂੰ ਗ੍ਰਿਫਤਾਰ ਕਰ ਲਿਆ। ਮਹਾਰਾਸ਼ਟਰ ਦੇ ਮੁੱਖ ਮੰਤਰੀ ਰਹਿ ਚੁੱਕੇ ਰਾਣੇ ਪਹਿਲਾਂ ਸ਼ਿਵ ਸੈਨਾ ਵਿੱਚ ਸਨ, ਜੋ ਬਾਅਦ ਵਿੱਚ ਕਾਂਗਰਸ ਵਿੱਚ ਚਲੇ ਗਏ ਅਤੇ ਫਿਰ, 2019 ਵਿੱਚ, ਉਹ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਿਲ ਹੋ ਗਏ ਸੀ।
ਇਹ ਵੀ ਦੇਖੋ : Singgha ਨਾਲ ਗਾਉਣ ਵਾਲੀ ਕੁੜੀ ਕਹਿੰਦੀ ਜੇ ਅਸਮਾਨੇ ਚੜੀ ਗੁੱਡੀ ਤਾਂ ਮਾਪਿਆਂ ਨੂੰ ਦਿਵਾਉਂ ਹਵਾਈ ਜਹਾਜ਼ ਦਾ ਝੂਟਾ