ਝਾਰਖੰਡ ਵਿੱਚ JPSC ਦੇ ਪ੍ਰਧਾਨ ਨੂੰ ਬਰਖਾਸਤ ਕਰਨ, ਪ੍ਰੀਲਿਮਜ਼ (Prelims) ਦੇ ਨਤੀਜੇ ਰੱਦ ਕਰਨ ਅਤੇ 252 ਸੀਟਾਂ ਲਈ 7ਵੀਂ ਤੋਂ 10ਵੀਂ ਦੀਆਂ ਜੇਪੀਐਸਸੀ ਪ੍ਰੀਖਿਆਵਾਂ ਵਿੱਚ ਹੋਈਆਂ ਗੜਬੜੀਆਂ ਦੀ ਸੀਬੀਆਈ ਜਾਂਚ ਦੀ ਮੰਗ ਨੂੰ ਲੈ ਕੇ ਲਗਾਤਾਰ ਸੜਕ ਤੋਂ ਸੰਸਦ ਤੱਕ ਅੰਦੋਲਨ ਚੱਲ ਰਿਹਾ ਹੈ।
ਵਿਰੋਧੀ ਧਿਰ ਸਦਨ ਦੇ ਅੰਦਰ ਅਤੇ ਬਾਹਰ ਪ੍ਰਦਰਸ਼ਨ ਕਰ ਰਹੀ ਹੈ, ਜਦਕਿ ਉਮੀਦਵਾਰ ਪਿਛਲੇ 50 ਦਿਨਾਂ ਤੋਂ ਲਗਾਤਾਰ ਸੜਕਾਂ ‘ਤੇ ਹਨ। ਧਰਨੇ ਦੀ ਅਗਵਾਈ ਕਰ ਰਹੇ ਦੇਵੇਂਦਰ ਨੇ ਕਿਹਾ ਕਿ ਉਨ੍ਹਾਂ ਦੇ ਦੋਸ਼ ਸਹੀ ਸਾਬਿਤ ਹੋਏ ਹਨ। ਪਾਸ ਐਲਾਨੇ ਗਏ 57 ਉਮੀਦਵਾਰ ਬਾਅਦ ਵਿੱਚ ਫੇਲ੍ਹ ਕਰ ਦਿੱਤੇ ਗਏ। ਉਨ੍ਹਾਂ ਕਿਹਾ ਕਿ ਪਬਲਿਕ ਸਰਵਿਸ ਕਮਿਸ਼ਨ ਵਿੱਚ ਸ਼ਾਇਦ ਹੀ ਕੋਈ ਪਹਿਲਾਂ ਪਾਸ ਹੁੰਦਾ ਹੈ ਅਤੇ ਫਿਰ ਫੇਲ ਹੁੰਦਾ ਹੈ। ਇਸ ਮੁੱਦੇ ‘ਤੇ ਰਾਂਚੀ ਪੁਲਿਸ ਨੇ ਗਾਂਧੀ ਬੁੱਤ ਦੇ ਕੋਲ ਬੈਠੇ ਵਿਦਿਆਰਥੀਆਂ ਦੇ ਟੈਂਟ, ਤੰਬੂ ਅਤੇ ਹੋਰ ਸਮਾਨ ਨੂੰ ਹਟਾ ਕੇ ਉਨ੍ਹਾਂ ਨੂੰ ਕਿਤੇ ਹੋਰ ਸ਼ਿਫਟ ਕਰ ਦਿੱਤਾ ਹੈ। ਇਸ ਨੂੰ ਲੈ ਕੇ ਸਿਆਸੀ ਗਰਮਾ-ਗਰਮੀ ਵੀ ਵੱਧ ਗਈ ਹੈ ਅਤੇ ਵਿਦਿਆਰਥੀਆਂ ਵਿੱਚ ਰੋਸ ਹੈ।
JPSC PT ਪ੍ਰੀਖਿਆ ਦਾ ਵਿਰੋਧ ਲਗਭਗ 50 ਦਿਨਾਂ ਤੋਂ ਚੱਲ ਰਿਹਾ ਹੈ। ਮੋਰਾਬਾਦੀ ‘ਚ ਧਰਨੇ ਪ੍ਰਦਰਸ਼ਨ ਤੋਂ ਲੈ ਕੇ ਵਿਧਾਨ ਸਭਾ ਸੈਸ਼ਨ ਤੱਕ ਪ੍ਰਦਰਸ਼ਨ ਜਾਰੀ ਹੈ। ਭਾਜਪਾ ਵਿਧਾਇਕਾਂ ਦੇ ਨਾਲ-ਨਾਲ ਸੱਤਾਧਾਰੀ ਪਾਰਟੀ ਦੇ ਵਿਧਾਇਕ ਵੀ ਜੇਪੀਐਸਸੀ ਪ੍ਰੀਖਿਆ ਦੇ ਮੁੱਦੇ ‘ਤੇ ਉਮੀਦਵਾਰਾਂ ਦਾ ਸਮਰਥਨ ਕਰਦੇ ਨਜ਼ਰ ਆ ਰਹੇ ਹਨ। ਸਰਕਾਰ ਤੋਂ ਸਦਨ ‘ਚ ਸਵਾਲ-ਜਵਾਬ ਕੀਤੇ ਜਾ ਰਹੇ ਹਨ। ਇਸ ਦੌਰਾਨ ਸ਼ੁੱਕਰਵਾਰ ਦੀ ਅੱਧੀ ਰਾਤ ਤੱਕ ਵੱਡੀ ਗਿਣਤੀ ‘ਚ ਦਿਖਣ ਵਾਲੇ ਉਮੀਦਵਾਰ ਹੁਣ ਗਾਇਬ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਰਾਂਚੀ ਪੁਲਸ ਨੇ ਉਨ੍ਹਾਂ ਨੂੰ ਅੱਧੀ ਰਾਤ ਨੂੰ ਧਰਨੇ ਵਾਲੀ ਥਾਂ ਤੋਂ ਚੁੱਕ ਕੇ ਓਰਮਾਂਝੀ ਸ਼ਿਫਟ ਕਰ ਦਿੱਤਾ ਹੈ।
ਜਾਣਕਾਰੀ ਮੁਤਾਬਿਕ ਦੇਰ ਰਾਤ ਰਾਂਚੀ ਪੁਲਿਸ ਦੀ ਟੀਮ ਫੋਰਸ ਨਾਲ ਮੋਰਾਬਾਦੀ ਦੇ ਧਰਨੇ ਵਾਲੀ ਥਾਂ ‘ਤੇ ਪਹੁੰਚੀ ਅਤੇ ਸਾਰੇ ਉਮੀਦਵਾਰਾਂ ਨੂੰ ਮੋਰਾਬਾਦੀ ਮੈਦਾਨ ਤੋਂ ਓਰਮਾਂਝੀ ‘ਚ ਸ਼ਿਫਟ ਕਰ ਦਿੱਤਾ। ਸੂਤਰਾਂ ਨੇ ਦੱਸਿਆ ਕਿ ਉਮੀਦਵਾਰਾਂ ਦੇ ਮੋਬਾਈਲ ਫੋਨ ਜ਼ਬਤ ਕਰ ਲਏ ਗਏ ਹਨ ਅਤੇ ਜਾਣਕਾਰੀ ਸਾਂਝੀ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ। ਉਥੇ ਹੀ ਰਾਂਚੀ ਪੁਲਿਸ ਦੇ ਸੀਨੀਅਰ ਅਧਿਕਾਰੀ ਇਸ ਮਾਮਲੇ ‘ਤੇ ਕੁੱਝ ਵੀ ਬੋਲਣ ਤੋਂ ਗੁਰੇਜ਼ ਕਰ ਰਹੇ ਹਨ।
ਇਸ ਮੁੱਦੇ ‘ਤੇ ਭਾਜਪਾ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਭਾਨੂ ਪ੍ਰਤਾਪ ਸ਼ਾਹੀ ਨੇ ਟਵੀਟ ਕਰਕੇ ਦੋਸ਼ ਲਗਾਇਆ ਹੈ ਕਿ ਸਰਕਾਰ ਲੋਕਤੰਤਰ ਦਾ ਕਤਲ ਕਰ ਰਹੀ ਹੈ, ਜਿਸ ਦਾ ਪ੍ਰਤੱਖ ਸਬੂਤ JPSC ਮਾਮਲੇ ‘ਤੇ ਅੰਦੋਲਨ ਕਰ ਰਹੇ ਉਮੀਦਵਾਰਾਂ ਦੀ ਆਵਾਜ਼ ਨੂੰ ਦਬਾਉਣਾ ਹੈ। ਭਾਨੂ ਪ੍ਰਤਾਪ ਨੇ ਸੀਐਮ ਹੇਮੰਤ ਸੋਰੇਨ ਨੂੰ ਪੁੱਛਿਆ ਹੈ ਕਿ ਉਹ ਦੱਸਣ ਕਿ ਵਿਦਿਆਰਥੀ ਕਿੱਥੇ ਹਨ, ਉਨ੍ਹਾਂ ਨੂੰ ਕਿੱਥੇ ਰੱਖਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: