Letter written by blood : ਦਿੱਲੀ ਦੀ ਸਰਹੱਦ ‘ਤੇ ਕਿਸਾਨਾਂ ਨੂੰ ਅੰਦੋਲਨ ਕਰਦਿਆਂ 3 ਮਹੀਨੇ ਹੋ ਗਏ ਹਨ, ਪਰ ਕੇਂਦਰ ਸਰਕਾਰ ਝੁਕਦੀ ਨਜ਼ਰ ਨਹੀਂ ਆ ਰਹੀ। ਕਿਸਾਨ ਸਰਕਾਰ ਦਾ ਧਿਆਨ ਖਿੱਚਣ ਲਈ ਹਰ ਸੰਭਵ ਉਪਰਾਲੇ ਕਰ ਰਹੇ ਹਨ। ਇਸੇ ਦੌਰਾਨ ਹਰਿਆਣਾ ਦੇ ਜੀਂਦ ਦੇ ਕਿਸਾਨਾਂ ਨੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੂਨ ਨਾਲ ਇੱਕ ਪੱਤਰ ਲਿਖ ਕੇ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣ ਤੇ ਐਮਐਸਪੀ ਲਾਗੂ ਕਰਨ ਦੀ ਮੰਗ ਕੀਤੀ ਹੈ। ਜੀਂਦ ਦੇ ਟੋਲ ਪਲਾਜ਼ਾ ‘ਤੇ ਕੇਂਦਰ ਸਰਕਾਰ ਦੇ ਕਾਨੂੰਨ ਵਿਰੁੱਧ ਅੰਦੋਲਨ ਕਰ ਰਹੇ ਸੈਂਕੜੇ ਕਿਸਾਨਾਂ ਨੇ ਟੀਕੇ ਤੋਂ ਖੂਨ ਕੱਢ ਕੇ ਪ੍ਰਧਾਨਮੰਤਰੀ ਮੋਦੀ ਨੂੰ ਇੱਕ ਪੱਤਰ ਲਿਖਿਆ ਹੈ। ਇਸ ‘ਚ ਕਿਸਾਨਾਂ ਨੇ ਕਿਹਾ ਹੈ ਕਿ ਉਹ ਇਹ ਕਾਲੇ ਕਾਨੂੰਨ ਨਹੀਂ ਚਾਹੁੰਦੇ, ਇਸ ਦੀ ਬਜਾਏ ਸਰਕਾਰ ਨੂੰ ਐਮਐਸਪੀ ‘ਤੇ ਸਥਾਈ ਕਾਨੂੰਨ ਬਣਾਉਣਾ ਚਾਹੀਦਾ ਹੈ।
ਜੀਂਦ ਜ਼ਿਲ੍ਹੇ ਦੇ ਕਿਸਾਨਾਂ ਨੇ ਖੂਨ ਨਾਲ ਪੀਐਮ ਮੋਦੀ ਨੂੰ ਲਿਖੇ ਇੱਕ ਪੱਤਰ ‘ਚ ਲਿਖਿਆ ਹੈ ਸਤਿਕਾਰਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਸੀਂ ਤਿੰਨੋਂ ਕਾਲੇ ਕਾਨੂੰਨ ਨਹੀਂ ਚਾਹੁੰਦੇ। ਇਹ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਸ ਲਓ ਤੇ ਐਮਐਸਪੀ ‘ਤੇ ਸਥਾਈ ਕਾਨੂੰਨ ਬਣਾਓ। ਜੀਂਦ ਟੋਲ ਪਲਾਜ਼ਾ ‘ਤੇ ਬੈਠੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ 63 ਦਿਨਾਂ ਤੋਂ ਵੱਧ ਸਮੇਂ ਤੋਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਹਨ। ਫਿਰ ਵੀ ਕੋਈ ਸੁਣਵਾਈ ਨਹੀਂ ਹੋ ਰਹੀ। ਇਸੇ ਲਈ ਨੌਜਵਾਨ ਕਿਸਾਨਾਂ ਨੇ ਖੂਨ ਨਾਲ ਪ੍ਰਧਾਨ ਮੰਤਰੀ ਨੂੰ ਇੱਕ ਪੱਤਰ ਲਿਖਣ ਦਾ ਫੈਸਲਾ ਕੀਤਾ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਖੂਨ ਨਾਲ ਚਿੱਠੀ ਲਿਖ ਕੇ ਅਸੀਂ ਪੀਐੱਮ ਮੋਦੀ ਨੂੰ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਜਿਹੜਾ ਕਿਸਾਨ ਗਾਂਧੀਵਾਦੀ ਢੰਗ ਨਾਲ ਅੰਦੋਲਨ ਕਰ ਸਕਦਾ ਹੈ, ਉਹ ਭਗਤ ਸਿੰਘ ਵਾਂਗ ਖੂਨ ਦੇਣਾ ਵੀ ਜਾਣਦਾ ਹੈ। ਮਹਿਲਾ ਕਿਸਾਨ ਸਿੱਕਮ, ਕਿਸਾਨ ਆਗੂ ਵਿਜੇਂਦਰ ਸਿੰਧੂ ਆਦਿ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਉਨ੍ਹਾਂ ਦੇ ਹੱਕ ‘ਚ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ। ਤੁਹਾਨੂੰ ਦੱਸ ਦੇਈਏ ਕਿ ਹਰਿਆਣਾ, ਪੰਜਾਬ ਤੇ ਯੂਪੀ ਸਣੇ ਕਈ ਸੂਬਿਆਂ ਦੇ ਕਿਸਾਨ ਪਿਛਲੇ ਕਈ ਮਹੀਨਿਆਂ ਤੋਂ ਕੇਂਦਰ ਸਰਕਾਰ ਵੱਲੋਂ ਬਣਾਏ ਗਏ 3 ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀ ਸਰਹੱਦ ‘ਤੇ ਅੰਦੋਲਨ ਕਰ ਰਹੇ ਹਨ। ਕਿਸਾਨਾਂ ਦੀ ਮੰਗ ਹੈ ਕਿ ਇਨ੍ਹਾਂ ਕਾਨੂੰਨਾਂ ਨੂੰ ਕਿਸੇ ਵੀ ਸਥਿਤੀ ‘ਚ ਵਾਪਸ ਲਿਆ ਜਾਣਾ ਚਾਹੀਦਾ ਹੈ।