lok sabha monsoon session 14 september : 14 ਸਤੰਬਰ ਤੋਂ ਲੋਕ ਸਭਾ ‘ਚ ਸ਼ੁਰੂ ਹੋਣ ਜਾ ਸੈਸ਼ਨ ਕਾਲ ‘ਚ ਇਸ ਵਾਰ ਕੁਝ ਬਦਲਾਵ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।ਕੋਰੋਨਾ ਮਹਾਂਮਾਰੀ ਨੂੰ ਮੱਦੇਨਜ਼ਰ ਰੱਖਦਿਆਂ ਸਮਾਂ ਅਤੇ ਸਵਾਲ ਨਿਰਧਾਰਤ ਕੀਤੇ ਗਏ ਹਨ। ਸੰਸਦ ਦੇ ਆਉਣ ਵਾਲੇ ਮਾਨਸੂਨ ਸੈਸ਼ਨ ‘ਚ ਨਾ ਤਾਂ ਪ੍ਰਸ਼ਨਕਾਲ ਹੋਵੇਗਾ ਅਤੇ ਨਾ ਹੀ ਗੈਰ-ਸਰਕਾਰੀ ਬਿੱਲ ਲਿਆਂਦੇ ਜਾ ਸਕਣਗੇ। ਕੋਰੋਨਾ ਮਹਾਮਾਰੀ ਦੇ ਇਸ ਦੌਰ ‘ਚ ਪੈਦਾ ਹੋਈਆਂ ਅਸਾਧਾਰਣ ਸਥਿਤੀਆਂ ਦਰਮਿਆਨ ਹੋਣ ਜਾ ਰਹੇ ਇਸ ਸੈਸ਼ਨ ‘ਚ ਜ਼ੀਰੋ ਕਾਲ ਨੂੰ ਵੀ ਸੀਮਿਤ ਕਰ ਦਿੱਤਾ ਗਿਆ ਹੈ। ਲੋਕ ਸਭਾ ਅਤੇ ਰਾਜ ਸਭਾ ਸਕੱਤਰੇਤ ਵਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਦੋਹਾਂ ਸਦਨਾਂ ਦੀ ਕਾਰਵਾਈ ਵੱਖ-ਵੱਖ ਸਮੇਂ ‘ਚ ਸਵੇਰੇ 9 ਤੋਂ ਇਕ ਵਜੇ ਅਤੇ 3 ਵਜੇ ਤੋਂ 7 ਵਜੇ ਤੱਕ ਚੱਲੇਗੀ। ਸ਼ਨੀਵਾਰ ਅਤੇ ਐਤਵਾਰ ਨੂੰ ਵੀ ਸੰਸਦ ਦੀ ਕਾਰਵਾਈ ਜਾਰੀ ਰਹੇਗੀ। ਸੰਸਦ ਸੈਸ਼ਨ ਦੀ ਸ਼ੁਰੂਆਤ 14 ਸਤੰਬਰ ਨੂੰ ਹੋਵੇਗੀ ਅਤੇ ਇਸ ਦਾ ਸਮਾਪਨ ਇਕ ਅਕਤੂਬਰ ਨੂੰ ਪ੍ਰਸਤਾਵਿਤ ਹੈ। ਸਿਰਫ਼ ਪਹਿਲੇ ਦਿਨ ਨੂੰ ਛੱਡ ਕੇ ਰਾਜ ਸਭਾ ਦੀ ਕਾਰਵਾਈ ਸਵੇਰ ਦੇ ਸਮੇਂ ਚੱਲੇਗੀ, ਜਦੋਂ ਕਿ ਲੋਕ ਸਭਾ ਦੀ ਕਾਰਵਾਈ ਸ਼ਾਮ ਨੂੰ ਚੱਲੇਗੀ। ਲੋਕ ਸਭਾ ਸਕੱਤਰੇਤ ਵਲੋਂ ਜਾਰੀ ਨੋਟੀਫਿਕੇਸ਼ਨ ‘ਚ ਕਿਹਾ ਗਿਆ,ਸੈਸ਼ਨ ਦੌਰਾਨ ਪ੍ਰਸ਼ਨਕਾਲ ਨਹੀਂ ਹੋਵੇਗਾ।
ਕੋਰੋਨਾ ਮਹਾਮਾਰੀ ਕਾਰਨ ਪੈਦਾ ਹੋਈਆਂ ਅਸਾਧਾਰਣ ਸਥਿਤੀਆਂ ਨੂੰ ਦੇਖਦੇ ਹੋਏ ਸਰਕਾਰ ਦੀ ਅਪੀਲ ਅਨੁਸਾਰ ਲੋਕ ਸਭਾ ਸਪੀਕਰ ਨੇ ਨਿਰਦੇਸ਼ ਦਿੱਤਾ ਹੈ ਕਿ ਸੈਸ਼ਨ ਦੌਰਾਨ ਗੈਰ-ਸਰਕਾਰੀ ਬਿੱਲਾਂ ਲਈ ਕੋਈ ਵੀ ਦਿਨ ਤੈਅ ਨਾ ਕੀਤਾ ਜਾਵੇ। ਅਜਿਹੀ ਹੀ ਇਕ ਨੋਟੀਫਿਕੇਸ਼ਨ ਰਾਜ ਸਭਾ ਸਕੱਤਰੇਤ ਵਲੋਂ ਜਾਰੀ ਕੀਤੀ ਗਈ ਹੈ। ਪ੍ਰਸ਼ਨਕਾਲ ਦੀ ਵਿਵਸਥਾ ਨੂੰ ਕਾਰਵਾਈ ਤੋਂ ਹਟਾਏ ਜਾਣ ਦਾ ਵਿਰੋਧ ਕਰਦੇ ਹੋਏ ਤ੍ਰਿਣਮੂਲ ਕਾਂਗਰਸ ਸੰਸਦ ਮੈਂਬਰ ਅਤੇ ਰਾਜ ਸਭਾ ‘ਚ ਪਾਰਟੀ ਸੰਸਦੀ ਦਲ ਦੇ ਨੇਤਾ ਡੇਰੇਕ ਓ ਬ੍ਰਾਇਨ ਨੇ ਕਿਹਾ ਕਿ ਇਸ ਨਾਲ ਵਿਰੋਧੀ ਧਿਰ ਦੇ ਸੰਸਦ ਮੈਂਬਰ ਸਰਕਾਰ ਤੋਂ ਸਵਾਲ ਪੁੱਛਣ ਦੇ ਆਪਣੇ ਹੱਕ ਨੂੰ ਗਵਾ ਦੇਣਗੇ। ਉਨ੍ਹਾਂ ਨੇ ਇਕ ਟਵੀਟ ਕਰ ਕੇ ਕਿਹਾ,ਮਹਾਮਾਰੀ ਲੋਕਤੰਤਰ ਦਾ ਕਤਲ ਕਰਨ ਦਾ ਬਹਾਨਾ ਬਣ ਗਈ ਹੈ। ਲੋਕ ਸਭਾ ‘ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਪਿਛਲੇ ਹਫ਼ਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਸੀ ਕਿ ਸੰਸਦ ਸੈਸ਼ਨ ‘ਚ ਮੈਂਬਰਾਂ ਦੇ ਪ੍ਰਸ਼ਨ ਪੁੱਛਣ ਅਤੇ ਮੁੱਦੇ ਚੁੱਕਣ ਦੇ ਅਧਿਕਾਰ ‘ਚ ਕਟੌਤੀ ਨਾ ਕੀਤੀ ਜਾਵੇ। ਕਟੌਤੀ ਕਰਨਾ ਜਨ ਪ੍ਰਤੀਨਿਧੀਆਂ ਦੇ ਹਿੱਤ ‘ਚ ਨਹੀਂ ਹੋਵੇਗਾ।