ਗੋਆ ਦੇ ਸਾਬਕਾ ਮੁੱਖ ਮੰਤਰੀ ਲੁਈਜ਼ਿਨਹੋ ਫਲੇਰੀਓ ( Luizinho Faleiro) ਜਿਨ੍ਹਾਂ ਨੇ ਹਾਲ ਹੀ ਵਿੱਚ ਕਾਂਗਰਸ ਤੋਂ ਅਸਤੀਫਾ ਦਿੱਤਾ ਸੀ, ਅੱਜ ਟੀਐਮਸੀ ਵਿੱਚ ਸ਼ਾਮਿਲ ਹੋ ਗਏ ਹਨ। ਇਸ ਮੌਕੇ ਟੀਐਮਸੀ ਦੇ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਮੌਜੂਦ ਸਨ।
ਤ੍ਰਿਣਮੂਲ ਕਾਂਗਰਸ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਫਲੇਰੀਓ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ ਹੈ। ਇਸ ਤੋਂ ਬਾਅਦ, ਸੀਐਮ ਮਮਤਾ ਨੇ ਟਵੀਟ ਕੀਤਾ ਅਤੇ ਕਿਹਾ, “ਗੋਆ ਦੇ ਸਾਬਕਾ ਮੁੱਖ ਮੰਤਰੀ, 7 ਵਾਰ ਵਿਧਾਇਕ ਅਤੇ ਗੋਆ ਦੇ ਦਿੱਗਜ ਨੇਤਾ ਲੁਈਜ਼ਿਨਹੋ ਫਲੇਰੀਓ ਦਾ ਤ੍ਰਿਣਮੂਲ ਕਾਂਗਰਸ ਪਰਿਵਾਰ ਵਿੱਚ ਸਵਾਗਤ ਕਰਨਾ ਮੇਰੇ ਲਈ ਮਾਣ ਵਾਲੀ ਗੱਲ ਹੈ। ਅਸੀਂ ਇਕੱਠੇ ਗੋਆ ਲਈ ਖੜ੍ਹੇ ਹੋਵਾਂਗੇ। ਫੁੱਟ ਪਾਉਣ ਵਾਲੀਆਂ ਤਾਕਤਾਂ ਨਾਲ ਲੜਾਂਗੇ ਅਤੇ ਗੋਆ ਲਈ ਨਵੀਂ ਸਵੇਰ ਦੀ ਸ਼ੁਰੂਆਤ ਕਰਨ ਲਈ ਕੰਮ ਕਰਾਂਗੇ।”
ਉਨ੍ਹਾਂ ਕਿਹਾ ਕਿ ਮਹਾਰਾਸ਼ਟਰਵਾਦੀ ਗੋਮੰਤਕ ਪਾਰਟੀ (ਐਮਜੀਪੀ) ਦੇ ਸਾਬਕਾ ਵਿਧਾਇਕ ਲਾਵੂ ਮਾਮਲਤਦਾਰ, ਕਾਂਗਰਸ ਦੇ ਜਨਰਲ ਸਕੱਤਰ ਯਤੀਸ਼ ਨਾਇਕ ਅਤੇ ਵਿਜੇ ਪੋਈ, ਮਾਰੀਓ ਪਿੰਟੋ ਡੀ ਸੈਂਟਾਨਾ ਅਤੇ ਆਨੰਦ ਨਾਇਕ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਮੈਨੂੰ ਖੁਸ਼ੀ ਹੋ ਰਹੀ ਹੈ।