ਪੱਛਮੀ ਬੰਗਾਲ ਦੀ ਸੀਐਮ ਮਮਤਾ ਬਣਜੀ ਲਗਾਤਾਰ ਦੇਸ਼ ਭਰ ਵਿੱਚ ਦੌਰਾ ਕਰ ਰਹੀ ਹੈ ਅਤੇ ਗੈਰ-ਕਾਂਗਰਸੀ ਵਿਰੋਧੀ ਦਲਾਂ ਨਾਲ ਮੁਲਾਕਤ ਕਰ ਰਹੀ ਹੈ। ਮੁੰਬਈ ਦੇ ਦੋ ਦਿਨਾਂ ਦੌਰੇ ਦੌਰਾਨ ਉਨ੍ਹਾਂ ਨੇ ਐਨਸੀਪੀ ਮੁਖੀ ਸ਼ਰਦ ਪਵਾਰ ਨਾਲ ਅੱਜ ਮੁਲਾਕਾਤ ਕੀਤੀ। ਇਹ ਮੁਲਾਕਾਤ ਇੱਕ ਘੰਟੇ ਤੋਂ ਵੱਧ ਸਮੇਂ ਤੱਕ ਚੱਲੀ। ਇਸ ਮੀਟਿੰਗ ਤੋਂ ਬਾਅਦ ਉਨ੍ਹਾਂ ਪੱਤਰਕਾਰਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਮਮਤਾ ਬੈਨਰਜੀ ਨੇ ਕਾਂਗਰਸ ਨੂੰ ਭਾਜਪਾ ਖਿਲਾਫ ਕਮਜ਼ੋਰ ਦੱਸਦੇ ਹੋਏ ਵੱਡਾ ਨਿਸ਼ਾਨਾ ਵਿੰਨ੍ਹਿਆਂ।
ਸ਼ਰਦ ਪਵਾਰ ਨੇ ਕਿਹਾ, ‘ਬੰਗਾਲ ਅਤੇ ਮਹਾਰਾਸ਼ਟਰ ਦਾ ਪੁਰਾਣਾ ਰਿਸ਼ਤਾ ਹੈ। ਮਮਤਾ ਬੈਨਰਜੀ ਸਾਰੇ ਸਮਾਨ ਸੋਚ ਵਾਲੇ ਲੋਕਾਂ ਨੂੰ ਨਾਲ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਰਾਸ਼ਟਰੀ ਪੱਧਰ ‘ਤੇ ਬੀਜੇਪੀ ਦੇ ਖਿਲਾਫ ਇੱਕ ਵਿਕਲਪ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਸੀਂ ਉਨ੍ਹਾਂ ਦੇ ਯਤਨਾਂ ਦਾ ਸਵਾਗਤ ਕਰਦੇ ਹਾਂ। ਕਾਂਗਰਸ ਨੂੰ ਪਾਸੇ ਰੱਖ ਕੇ ਕੋਈ ਬਦਲ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ। ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਹੈ। ਜੋ ਵੀ ਨਾਲ ਆਵੇਗਾ, ਅਸੀਂ ਉਨ੍ਹਾਂ ਦੇ ਨਾਲ ਅੱਗੇ ਵਧਾਂਗੇ।
ਪੱਤਰਕਾਰਾਂ ਨੇ ਮਮਤਾ ਬੈਨਰਜੀ ਨੂੰ ਪੁੱਛਿਆ ਕਿ ਸ਼ਰਦ ਪਵਾਰ ਸਭ ਤੋਂ ਸੀਨੀਅਰ ਨੇਤਾ ਹਨ। ਕੀ ਉਨ੍ਹਾਂ ਨੂੰ ਯੂਪੀਏ ਦੀ ਅਗਵਾਈ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ? ਇਸ ‘ਤੇ ਮਮਤਾ ਬੈਨਰਜੀ ਨੇ ਕਿਹਾ, ”ਕੀ ਯੂ.ਪੀ.ਏ ? ਕਿੱਥੇ ਹੈ ਯੂ.ਪੀ.ਏ ? ਕਿਤੇ ਕੋਈ ਯੂ.ਪੀ.ਏ. ਨਹੀਂ। ਅਸੀਂ ਕੱਟੜਵਾਦ ਦੇ ਖਿਲਾਫ, ਭਾਜਪਾ ਦੇ ਖਿਲਾਫ ਵਿਕਲਪ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਕਾਂਗਰਸ ਚੁੱਪ ਬੈਠੀ ਹੈ। ਉਹ ਕੁੱਝ ਨਹੀਂ ਕਰ ਰਹੀ ਤਾਂ ਕੀ ਸਾਨੂੰ ਵੀ ਚੁੱਪ ਕਰਕੇ ਬੈਠ ਜਾਣਾ ਚਾਹੀਦਾ ਹੈ? ਇਸ ਵੇਲੇ ਚੱਲ ਰਹੇ ਫਾਸ਼ੀਵਾਦ ਨਾਲ ਲੜਨ ਲਈ ਕੋਈ ਤਿਆਰ ਨਹੀਂ। ਸ਼ਰਦ ਜੀ ਬਹੁਤ ਸੀਨੀਅਰ ਨੇਤਾ ਹਨ ਅਤੇ ਮੈਂ ਉਨ੍ਹਾਂ ਨਾਲ ਸਿਆਸੀ ਮਾਮਲਿਆਂ ‘ਤੇ ਗੱਲ ਕਰਨ ਆਈ ਹਾਂ। ਵਿਕਲਪ ਦੇਣਾ ਜ਼ਰੂਰੀ ਹੈ। ਇਸ ਵਿੱਚ ਲੀਡਰਸ਼ਿਪ ਦਾ ਮੁੱਦਾ ਸਹਾਇਕ ਹੈ। ਇਸ ਦੀ ਅਗਵਾਈ ਕੌਣ ਕਰੇਗਾ ਇਹ ਬਾਅਦ ਦੀ ਗੱਲ ਹੈ।” ਇਸ ‘ਤੇ ਟੋਕਦਿਆਂ ਸ਼ਰਦ ਪਵਾਰ ਨੇ ਕਿਹਾ, ”ਇੱਥੇ ਕਿਸ ਦੀ ਲੀਡਰਸ਼ਿਪ ਹੋਵੇਗੀ, ਕੌਣ ਕਰੇਗਾ? ਇਹ ਮੁੱਦਾ ਨਹੀਂ ਹੈ। ਮਜ਼ਬੂਤ ਬਦਲ ਦੇਣ ਦਾ ਮੁੱਦਾ ਹੈ, ਜਿਸ ‘ਤੇ ਦੇਸ਼ ਦੀ ਜਨਤਾ ਨੂੰ ਭਰੋਸਾ ਹੋਵੇਗਾ। ਜੋ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ਵਿੱਚ ਮਦਦਗਾਰ ਹੋਵੇਗਾ।”
ਵੀਡੀਓ ਲਈ ਕਲਿੱਕ ਕਰੋ -: