Mamata Banerjee takes oath: ਵਿਧਾਨ ਸਭਾ ਚੋਣਾਂ ਵਿੱਚ ਜਿੱਤ ਹਾਸਿਲ ਕਰਨ ਤੋਂ ਬਾਅਦ ਅੱਜ ਮਮਤਾ ਬੈਨਰਜੀ ਨੇ ਤੀਜੀ ਵਾਰ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ । ਯਾਨੀ ਇੱਕ ਵਾਰ ਫਿਰ ਬੰਗਾਲ ਵਿੱਚ ਮਮਤਾ ਬੈਨਰਜੀ ਦੀ ਅਗਵਾਈ ਵਿੱਚ ਤ੍ਰਿਣਮੂਲ ਕਾਂਗਰਸ ਦੀ ਸਰਕਾਰ ਬਣ ਗਈ ਹੈ। ਕੋਰੋਨਾ ਸੰਕਟ ਕਾਲ ਅਤੇ ਉਸਦੇ ਦਿਸ਼ਾ-ਨਿਰਦੇਸ਼ਾਂ ਕਾਰਨ ਸਹੁੰ ਚੁੱਕ ਸਮਾਗਮ ਨੂੰ ਛੋਟਾ ਹੀ ਰੱਖਿਆ ਗਿਆ ਹੈ। ਮਮਤਾ ਬੈਨਰਜੀ ਨੇ ਇਕੱਲੇ ਹੀ ਸਹੁੰ ਚੁੱਕੀ ਹੈ। ਉਨ੍ਹਾਂ ਨਾਲ ਕਿਸੇ ਮੰਤਰੀ ਨੇ ਸਹੁੰ ਨਹੀਂ ਚੁੱਕੀ । ਇਸ ਦੌਰਾਨ ਸਟੇਜ ‘ਤੇ ਸਿਰਫ ਮਮਤਾ ਬੈਨਰਜੀ ਅਤੇ ਰਾਜਪਾਲ ਜਗਦੀਪ ਧਨਖੜ ਹੀ ਦਿਖਾਈ ਦਿੱਤੇ ।
ਦਰਅਸਲ, ਇਸ ਸਹੁੰ ਚੁੱਕ ਸਮਾਗਮ ਵਿੱਚ ਟੀਐਮਸੀ ਦੇ ਚੋਣ ਰਣਨੀਤੀਕਾਰ ਰਹੇ ਪ੍ਰਸ਼ਾਂਤ ਕਿਸ਼ੋਰ ਵੀ ਮੌਜੂਦ ਸਨ। ਇਸ ਤੋਂ ਇਲਾਵਾ ਮਮਤਾ ਦਾ ਭਤੀਜਾ ਅਭਿਸ਼ੇਕ ਬੈਨਰਜੀ ਵੀ ਮੌਜੂਦ ਸੀ । ਇਨ੍ਹਾਂ ਤੋਂ ਇਲਾਵਾ ਪ੍ਰਦੀਪ ਭੱਟਾਚਾਰੀਆ ਅਤੇ ਕੁਝ ਟੀਐਮਸੀ ਵਿਧਾਇਕਾਂ ਨੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ । ਕੋਈ ਵੀ ਉਦਯੋਗਪਤੀ ਇਸ ਸਮਾਗਮ ਵਿੱਚ ਨਹੀਂ ਪਹੁੰਚਿਆ। ਇਸ ਦੇ ਨਾਲ ਹੀ ਭਾਜਪਾ ਨੇ ਸਮਾਰੋਹ ਦਾ ਬਾਈਕਾਟ ਵੀ ਕੀਤਾ ਹੈ।
ਦੱਸ ਦੇਈਏ ਕਿ ਤ੍ਰਿਣਮੂਲ ਕਾਂਗਰਸ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਸ਼ਾਨਦਾਰ ਜਿੱਤ ਦਰਜ ਕਰਦਿਆਂ ਇਤਿਹਾਸ ਰਚਿਆ ਹੈ ਅਤੇ ਲਗਾਤਾਰ ਤੀਜੀ ਵਾਰ ਰਾਜ ਦੀ ਸੱਤਾ ਆਪਣੇ ਕੋਲ ਬਰਕਰਾਰ ਰੱਖੀ ਹੈ । ਪਾਰਟੀ ਨੇ ਵਿਧਾਨ ਸਭਾ ਦੀਆਂ 292 ਸੀਟਾਂ ਵਿਚੋਂ 213 ਸੀਟਾਂ ਜਿੱਤੀਆਂ ਹਨ, ਜੋ ਬਹੁਮਤ ਦੇ ਜਾਦੂਈ ਅੰਕੜੇ ਨਾਲੋਂ ਜ਼ਿਆਦਾ ਹਨ । ਇਸ ਦੇ ਨਾਲ ਹੀ ਇਸ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਪੂਰੀ ਤਾਕਤ ਦੇਣ ਵਾਲੀ ਭਾਜਪਾ ਨੇ 77 ਸੀਟਾਂ ਜਿੱਤੀਆਂ ਹਨ।