ਕਾਬੁਲ ਤੋਂ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਅਫਗਾਨ ਨਾਗਰਿਕਾਂ ਸਮੇਤ ਕਰੀਬ 110 ਲੋਕਾਂ ਨੂੰ ਇਕ ਵਿਸ਼ੇਸ਼ ਜਹਾਜ਼ ਰਾਹੀਂ ਭਾਰਤ ਲਿਆਂਦਾ ਜਾ ਰਿਹਾ ਹੈ। ਇਹ ਵਿਸ਼ੇਸ਼ ਜਹਾਜ਼ ਸ਼ੁੱਕਰਵਾਰ ਦੁਪਹਿਰ ਤੱਕ ਉਨ੍ਹਾਂ ਨੂੰ ਲੈ ਕੇ ਦਿੱਲੀ ਪਹੁੰਚ ਜਾਵੇਗਾ। ਇਨ੍ਹਾਂ ਵਿੱਚ ਲਗਭਗ 102 ਅਫਗਾਨ ਹਿੰਦੂ, ਸਿੱਖ ਅਤੇ ਲਗਭਗ 14 ਭਾਰਤੀ ਸ਼ਾਮਲ ਹਨ। ਵਾਪਸੀ ਵਿੱਚ ਇਹ ਜਹਾਜ਼ ਦਿੱਲੀ ਤੋਂ ਲਗਭਗ 90 ਅਫਗਾਨ ਨਾਗਰਿਕਾਂ ਅਤੇ ਦਵਾਈਆਂ ਵਰਗੀਆਂ ਕੁਝ ਮਨੁੱਖੀ ਜ਼ਰੂਰਤ ਦੀਆਂ ਚੀਜ਼ਾਂ ਨੂੰ ਲੈ ਕੇ ਜਾਵੇਗਾ।
ਇੰਡੀਆ ਵਰਲਡ ਫੋਰਮ ਦੇ ਇਕ ਬਿਆਨ ਮੁਤਾਬਕ ਉਥੇ ਫਸੇ ਭਾਰਤੀ ਨਾਗਰਿਕਾਂ ਅਤੇ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਦੁਖੀ ਅਫਗਾਨ ਨਾਗਰਿਕਾਂ ਨੂੰ ਉਥੋਂ ਲਿਆਂਦਾ ਜਾ ਰਿਹਾ ਹੈ। ਅਫ਼ਗਾਨਿਸਤਾਨ ਦੇ ਇਤਿਹਾਸਕ ਗੁਰਦੁਆਰਿਆਂ ਤੋਂ ਤਿੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਪ੍ਰਾਚੀਨ 5ਵੀਂ ਸਦੀ ਦੇ ਅਸਮਈ ਮੰਦਰ, ਕਾਬੁਲ ਤੋਂ ਰਾਮਾਇਣ, ਮਹਾਭਾਰਤ ਅਤੇ ਭਗਵਦ ਗੀਤਾ ਸਮੇਤ ਹਿੰਦੂ ਧਾਰਮਿਕ ਗ੍ਰੰਥ ਵੀ ਭਾਰਤ ਲਿਆਏ ਜਾ ਰਹੇ ਹਨ। ਕਾਬੁਲ ਦੇ ਸ਼ੋਰ ਬਾਜ਼ਾਰ ਸਥਿਤ ਗੁਰਦੁਆਰਾ ਗੁਰੂ ਹਰ ਰਾਏ ਵਿਖੇ ਅੱਤਵਾਦੀ ਹਮਲੇ ਦੌਰਾਨ ਮਾਰੇ ਗਏ ਸਥਾਨਕ ਸੁਰੱਖਿਆ ਗਾਰਡ ਮਹਿਰਮ ਅਲੀ ਦੇ ਪਰਿਵਾਰ ਨੂੰ ਵੀ ਏਅਰਲਿਫਟ ਕੀਤਾ ਜਾ ਰਿਹਾ ਹੈ ਅਤੇ ਸੋਬਤੀ ਫਾਊਂਡੇਸ਼ਨ ਵੱਲੋਂ ਉਨ੍ਹਾਂ ਦਾ ਮੁੜ ਵਸੇਬਾ ਵੀ ਕੀਤਾ ਜਾਵੇਗਾ।
ਕਾਬੁਲ ਵਿੱਚ ਤਾਲਿਬਾਨ ਲੜਾਕਿਆਂ ਦੇ ਕਬਜ਼ੇ ਤੋਂ ਬਾਅਦ ਭਾਰਤ ਨੇ ਅਫਗਾਨਿਸਤਾਨ ਵਿੱਚ ਫਸੇ 565 ਲੋਕਾਂ ਨੂੰ ਬਾਹਰ ਕੱਢਿਆ ਹੈ। ਇਹ ਜਾਣਕਾਰੀ ਸਰਕਾਰ ਨੇ ਪਿਛਲੇ ਹਫ਼ਤੇ ਲੋਕ ਸਭਾ ਵਿੱਚ ਦਿੱਤੀ ਸੀ। ਕਾਂਗਰਸ ਦੇ ਸੰਸਦ ਮੈਂਬਰ ਹਿਬੀ ਈਡਨ ਦੇ ਇੱਕ ਸਵਾਲ ਦੇ ਜਵਾਬ ਵਿੱਚ ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਉੱਥੇ ਫਸੇ ਭਾਰਤੀਆਂ ਦੇ ਸੰਪਰਕ ਵਿੱਚ ਹਨ। ਹਾਲਾਂਕਿ ਬਿਆਨ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਏਅਰਲਿਫਟ ਕੀਤੇ ਗਏ ਵਿਅਕਤੀਆਂ ਵਿੱਚ ਕੁਝ ਅਫਗਾਨ ਨਾਗਰਿਕ ਵੀ ਸ਼ਾਮਲ ਸਨ।
ਵੀਡੀਓ ਲਈ ਕਲਿੱਕ ਕਰੋ -: