mp father 105 km cycle ride son exam anand mahindra help : ਕੁਝ ਕਰਕੇ ਦਿਖਾਉਣ ਦਾ ਜ਼ਜਬਾ ਹਰ ਉਸ ਇਨਸਾਨ ਅੰਦਰ ਜਨੂੰਨ ਦੀ ਇੱਕ ਚਿੰਗਾਰੀ ਭਰ ਦਿੰਦਾ ਹੈ ਜਿਸ ਨਾਲ ਉਹ ਇਨਸਾਨ ਬੁਲੰਦੀਆਂ ਹਾਸਲ ਕਰ ਸਕੇ ਅਤੇ ਆਪਣਾ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕੇ।ਦਿੱਗਜ਼ ਕਾਰੋਬਾਰੀ ਆਨੰਦ ਮਹਿੰਦਰਾ ਮੱਧ ਪ੍ਰਦੇਸ਼ ਦੇ ਉਸ ਵਿਅਕਤੀ ਦੇ ਮੁਰੀਦ ਹੋ ਗਏ ਹਨ, ਜਿਸ ਨੇ ਆਪਣੇ ਪੁੱਤਰ ਨੂੰ ਇਮਤਿਹਾਨ ਦਿਵਾਉਣ ਲਈ 105 ਕਿਲੋਮੀਟਰ ਸਾਈਕਲ ਚਲਾਈ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ ਵਿਚ ਮਜ਼ਦੂਰੀ ਕਰਨ ਵਾਲੇ ਸ਼ੋਭਾਰਾਮ ਨੇ ਆਪਣੇ ਪੁੱਤਰ ਆਸ਼ੀਸ਼ ਨੂੰ 10ਵੀਂ ਦੇ ਪੇਪਰ ਦਿਵਾਉਣ ਲਈ 105 ਕਿਲੋਮੀਟਰ ਦਾ ਸਫਰ ਸਾਈਕਲ ਤੋਂ ਤੈਅ ਕੀਤਾ ਸੀ।
ਉਨ੍ਹਾਂ ਦੀ ਇਹ ਤਸਵੀਰ ਵਾਇਰਲ ਹੋਈ ਤਾਂ ਲੋਕਾਂ ਨੇ ਉਨ੍ਹਾਂ ਦੇ ਜਜ਼ਬੇ ਨੂੰ ਸਲਾਮ ਕੀਤਾ। ਹੁਣ ਕਾਰੋਬਾਰੀ ਆਨੰਦ ਮਹਿੰਦਰਾ ਨੇ ਫ਼ੈਸਲਾ ਕੀਤਾ ਹੈ ਕਿ ਉਹ ਉਨ੍ਹਾਂ ਦੇ ਪੁੱਤਰ ਆਸ਼ੀਸ਼ ਦੀ ਪੜ੍ਹਾਈ ਦਾ ਖਰਚ ਚੁੱਕਣਗੇ। ਸੋਸ਼ਲ ਮੀਡੀਆ ’ਤੇ ਲੋਕ ਮਹਿੰਦਾ ਦੇ ਇਸ ਕਦਮ ਦੀ ਸ਼ਲਾਘਾ ਕਰ ਰਹੇ ਹਨ।ਆਨੰਦ ਮਹਿੰਦਰਾ ਨੇ ਟਵਿੱਟਰ ’ਤੇ ਇਕ ਟਵੀਟ ਪੋਸਟ ਕੀਤਾ ਅਤੇ ਲਿਖਿਆ ਕਿ ਇਸ ਪਿਤਾ ਨੂੰ ਸਲਾਮ! ਜੋ ਆਪਣੇ ਬੱਚਿਆਂ ਲਈ ਸੁਨਹਿਰੀ ਭਵਿੱਖ ਦਾ ਸੁਫ਼ਨਾ ਦੇਖਦੇ ਹਨ। ਇਹ ਸੁਫ਼ਨਾ ਇਕ ਦੇਸ਼ ਨੂੰ ਅੱਗੇ ਵਧਾਉਂਦਾ ਹੈ। ਸਾਡੀ ਸੰਸਥਾ ਆਸ਼ੀਸ਼ ਦੀ ਅੱਗੇ ਦੀ ਪੜ੍ਹਾਈ ਦਾ ਖਰਚ ਚੁੱਕੇਗੀ। ਇਸ ਲਈ ਉਨ੍ਹਾਂ ਨੇ ਮੀਡੀਆ ਨੂੰ ਇਸ ਪਰਿਵਾਰ ਨਾਲ ਸੰਪਰਕ ਕਰਾਉਣ ਦੀ ਬੇਨਤੀ ਕੀਤੀ ਹੈ। ਮਹਿੰਦਾ ਦੇ ਇਸ ਟਵੀਟ ਨੂੰ 36 ਹਜ਼ਾਰ ਲਾਈਕਸ ਅਤੇ ਕਰੀਬ 5 ਹਜ਼ਾਰ ਰੀ-ਟਵੀਟ ਮਿਲ ਚੁੱਕੇ ਹਨ।ਦਰਅਸਲ ਮੱਧ ਪ੍ਰਦੇਸ਼ ਸਿੱਖਿਆ ਬੋਰਡ ਵਲੋਂ ਆਯੋਜਿਤ ਹੋਣ ਵਾਲੀ 10ਵੀਂ ਅਤੇ 12ਵੀਂ ਦੇ ਇਮਤਿਹਾਨ ‘ਚ ਅਸਫਲ ਹੋਣ ਵਾਲੇ ਵਿਦਿਆਰਥੀਆਂ ਨੂੰ ਪਾਸ ਹੋਣ ਦਾ ਇਕ ਹੋਰ ਮੌਕਾ ਦਿੱਤਾ ਗਿਆ। ਇਸ ਤਹਿਤ ਆਸ਼ੀਸ਼ ਨੇ ਵੀ 10 ਵੀਂ ਜਮਾਤ ਦਾ ਸਪਲੀਮੈਂਟਰੀ ਇਮਤਿਹਾਨ ਦੇਣਾ ਸੀ। ਇਸ ਲਈ ਸੈਂਟਰ ਪੂਰੇ ਜ਼ਿਲ੍ਹੇ ਵਿਚ ਸਿਰਫ ਧਾਰ ਹੀ ਬਣਾਇਆ ਗਿਆ। ਕੋਰੋਨਾ ਆਫ਼ਤ ਕਾਰਨ ਬੱਸਾਂ ਅਜੇ ਨਹੀਂ ਚੱਲ ਰਹੀਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਧਾਰ ਪਹੁੰਚਣ ਲਈ ਕੋਈ ਸਾਧਨ ਨਹੀਂ ਮਿਲ ਰਿਹਾ ਸੀ ਅਤੇ ਨਾ ਹੀ ਗਰੀਬੀ ਵਿਚ ਉਹ ਕਿਸੇ ਤਰ੍ਹਾਂ ਦੇ ਸਾਧਨ ਦਾ ਪ੍ਰਬੰਧ ਕਰ ਸਕਦੇ ਸਨ। ਆਸ਼ੀਸ਼ ਨੂੰ ਇਮਤਿਹਾਨ ਦਿਵਾਉਣਾ ਜ਼ਰੂਰੀ ਸੀ, ਇਸ ਲਈ ਉਹ ਪੁੱਤਰ ਨੂੰ ਸਾਈਕਲ ‘ਤੇ ਬਿਠਾ ਕੇ 105 ਕਿਲੋਮੀਟਰ ਦੂਰ ਪ੍ਰੀਖਿਆ ਸੈਂਟਰ ਤੱਕ ਲੈ ਗਏ। ਆਸ਼ੀਸ਼ ਅਤੇ ਉਨ੍ਹਾਂ ਦੇ ਪਿਤਾ ਆਪਣੇ ਨਾਲ ਦੋ ਦਿਨ ਦੇ ਖਾਣ-ਪੀਣ ਦਾ ਸਾਮਾਨ ਵੀ ਲੈ ਕੇ ਗਏ। ਆਸ਼ੀਸ਼ ਦੇ ਪਿਤਾ ਸ਼ੋਭਾਰਾਮ ਆਪਣੇ ਪੁੱਤਰ ਨੂੰ ਅਫ਼ਸਰ ਬਣਾਉਣਾ ਚਾਹੁੰਦੇ ਹਨ।