ਇੱਕ ਔਰਤ ਨੇ ਲਾਲ ਕਿਲ੍ਹੇ ‘ਤੇ ਆਪਣਾ ਦਾਅਵਾ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਭਾਰਤ ਦੇ ਆਖਰੀ ਮੁਗਲ ਬਾਦਸ਼ਾਹ ਦੀ ਵਾਰਸ ਹੈ। ਸੁਲਤਾਨਾ ਬੇਗਮ ਕੋਲਕਾਤਾ ਦੇ ਬਾਹਰਵਾਰ ਇੱਕ ਤੰਗ ਦੋ ਕਮਰਿਆਂ ਵਾਲੀ ਝੌਂਪੜੀ ਵਿੱਚ ਰਹਿੰਦੀ ਹੈ। ਇਸ ਸਮੇਂ ਇਕ ਮਾਮੂਲੀ ਪੈਨਸ਼ਨ ‘ਤੇ ਗੁਜ਼ਾਰਾ ਕਰ ਰਹੀ ਹੈ।
ਸੁਲਤਾਨਾ ਆਖਰੀ ਮੁਗਲ ਸਮਰਾਟ ਬਹਾਦੁਰ ਸ਼ਾਹ ਜ਼ਫਰ-2 ਦੇ ਪੋਤਰੇ ਮਿਰਜ਼ਾ ਮੁਹੰਮਦ ਬੇਦਾਰ ਬਖਤ ਦੀ ਪਤਨੀ ਹੈ। ਬਖਤ ਦੀ 22 ਮਈ 1980 ਨੂੰ ਮੌਤ ਹੋ ਗਈ ਸੀ। ਸੁਲਤਾਨਾ ਬੇਗਮ ਨੇ ਦਿੱਲੀ ਦੀ ਇਤਿਹਾਸਕ ਇਮਾਰਤ ਲਾਲ ਕਿਲ੍ਹੇ ਤੇ ਆਪਣੇ ਅਧਿਕਾਰ ਦਾ ਦਾਅਵਾ ਕਰਨ ਲਈ ਦਿੱਲੀ ਹਾਈਕੋਰਟ ਵਿੱਚ ਪਹੁੰਚ ਕੀਤੀ ਸੀ। ਹਾਲਾਂਕਿ, ਹਾਈਕੋਰਟ ਨੇ ਉਨ੍ਹਾਂ ਦੀ ਅਰਜ਼ੀ ਖਾਰਜ ਕਰ ਦਿੱਤੀ। ਦਰਅਸਲ, ਸੁਲਤਾਨਾ ਬੇਗਮ ਨੇ ਕਿਹਾ ਸੀ ਕਿ 1857 ਵਿੱਚ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ ਲਾਲ ਕਿਲੇ ‘ਤੇ ਜ਼ਬਰਦਸਤੀ ਕਬਜ਼ਾ ਕਰ ਲਿਆ ਸੀ। ਉਨ੍ਹਾਂ ਕਿਹਾ ਕਿ ਅਦਾਲਤ ਨੇ ਪਟੀਸ਼ਨ ਦੀ ਮੈਰਿਟ ਨੂੰ ਧਿਆਨ ਵਿੱਚ ਰੱਖੇ ਬਿਨਾਂ ਹੀ ਇਸ ਨੂੰ ਦਾਇਰ ਕਰਨ ਵਿੱਚ ਦੇਰੀ ਦੇ ਆਧਾਰ ‘ਤੇ ਖਾਰਜ ਕਰ ਦਿੱਤਾ ਹੈ।
ਇੱਥੇ ਹਾਈਕੋਰਟ ਨੇ ਕਿਹਾ ਕਿ ਜਦੋਂ ਸੁਲਤਾਨਾ ਦੇ ਪੁਰਖਿਆਂ ਨੇ ਲਾਲ ਕਿਲੇ ‘ਤੇ ਦਾਅਵੇ ਨੂੰ ਲੈ ਕੇ ਕੁੱਝ ਨਹੀਂ ਕੀਤਾ ਤਾਂ ਹੁਣ ਅਦਾਲਤ ਇਸ ‘ਚ ਕੀ ਕਰ ਸਕਦੀ ਹੈ। ਉਨ੍ਹਾਂ ਕੋਲ ਇਸ ਬਾਰੇ ਕੋਈ ਸਪੱਸ਼ਟੀਕਰਨ ਨਹੀਂ ਹੈ ਕਿ ਪਟੀਸ਼ਨ ਦਾਇਰ ਕਰਨ ਵਿੱਚ ਇੰਨੀ ਦੇਰੀ ਕਿਉਂ ਹੋਈ ਹੈ। ਸੁਲਤਾਨਾ ਬੇਗਮ ਦੀ ਪਟੀਸ਼ਨ ਹਾਈ ਕੋਰਟ ਦੀ ਜਸਟਿਸ ਰੇਖਾ ਪੱਲੀ ਦੀ ਸਿੰਗਲ ਜੱਜ ਬੈਂਚ ਦੇ ਸਾਹਮਣੇ ਸੂਚੀਬੱਧ ਸੀ। ਜਸਟਿਸ ਪਾਲੀ ਨੇ ਅਦਾਲਤ ਤੱਕ ਪਹੁੰਚਣ ਵਿੱਚ ਬੇਲੋੜੀ ਦੇਰੀ ਦੇ ਆਧਾਰ ‘ਤੇ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਪੱਲੀ ਨੇ ਕਿਹਾ, ‘ਭਾਵੇਂ ਮੇਰਾ ਇਤਿਹਾਸ ਬਹੁਤ ਕਮਜ਼ੋਰ ਹੈ, ਪਰ ਤੁਸੀਂ ਦਾਅਵਾ ਕਰਦੇ ਹੋ ਕਿ ਤੁਹਾਡੇ ਨਾਲ 1857 ਵਿੱਚ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੁਆਰਾ ਤੁਹਾਡੇ ਨਾਲ ਜ਼ੁਲਮ ਕੀਤਾ ਗਿਆ ਸੀ, ਫਿਰ ਹੱਕ ਦਾ ਦਾਅਵਾ ਕਰਨ ਵਿੱਚ 150 ਸਾਲ ਤੋਂ ਵੱਧ ਦੀ ਦੇਰੀ ਕਿਉਂ ਹੋਈ? ਤੁਸੀਂ ਇੰਨੇ ਸਾਲਾਂ ਤੋਂ ਕੀ ਕਰ ਰਹੇ ਸੀ।’
ਸੁਲਤਾਨਾ ਬੇਗਮ ਨੇ ਆਪਣੀ ਪਟੀਸ਼ਨ ‘ਚ ਕਿਹਾ ਸੀ ਕਿ 1857 ‘ਚ ਉਨ੍ਹਾਂ ਦੇ ਪੁਰਖਿਆਂ ਵੱਲੋਂ ਢਾਈ ਸੌ ਏਕੜ ‘ਚ ਬਣਾਏ ਲਾਲ ਕਿਲੇ ‘ਤੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ ਜ਼ਬਰਦਸਤੀ ਕਬਜ਼ਾ ਕਰ ਲਿਆ ਸੀ। ਕੰਪਨੀ ਨੇ ਉਨ੍ਹਾਂ ਦੇ ਦਾਦਾ, ਸਹੁਰਾ ਅਤੇ ਆਖਰੀ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਨੂੰ ਹੁਮਾਯੂੰ ਦੇ ਮਕਬਰੇ ਤੋਂ ਗ੍ਰਿਫਤਾਰ ਕਰ ਕੇ ਰੰਗੂਨ ਭੇਜ ਦਿੱਤਾ ਸੀ। ਗ਼ੁਲਾਮੀ ਵਿੱਚ 1872 ‘ਚ ਜ਼ਫ਼ਰ ਦੀ ਮੌਤ ਹੋ ਗਈ ਸੀ। ਉਸ ਦੀ ਗੁਮਨਾਮੀ ਵਿੱਚ ਮੌਤ ਦੇ ਡੇਢ ਸੌ ਸਾਲ ਬਾਅਦ ਵੀ ਆਮ ਭਾਰਤੀਆਂ ਨੂੰ ਜ਼ਫ਼ਰ ਦੀ ਕਬਰ ਬਾਰੇ ਪਤਾ ਤੱਕ ਨਹੀਂ ਸੀ। ਬਹੁਤ ਖੋਜ ਅਤੇ ਸਬੂਤ ਇਕੱਠੇ ਕਰਨ ਤੋਂ ਬਾਅਦ, ਉਸਦੀ ਮੌਤ ਦੇ 130 ਸਾਲ ਬਾਅਦ, ਇਹ ਪਤਾ ਲੱਗਿਆ ਕਿ ਬਾਦਸ਼ਾਹ ਜ਼ਫਰ ਨੂੰ ਰੰਗੂਨ ਵਿੱਚ ਗੁਪਤ ਰੂਪ ਵਿੱਚ ਦਫ਼ਨਾਇਆ ਗਿਆ ਸੀ। ਇਸ ਲਾਲ ਕਿਲ੍ਹੇ ਦਾ ਨਿਰਮਾਣ ਮੁਗਲ ਸ਼ਾਸਕ ਸ਼ਾਹਜਹਾਂ ਦੁਆਰਾ ਯਮੁਨਾ ਨਦੀ ਦੇ ਬਿਲਕੁਲ ਕੰਢੇ 1648 ਅਤੇ 1658 ਵਿਚਕਾਰ ਪੂਰਾ ਕੀਤਾ ਗਿਆ ਸੀ। ਕਦੇ ਯਮੁਨਾ ਇਸ ਕਿਲ੍ਹੇ ਨੂੰ ਤਿੰਨ ਪਾਸਿਓਂ ਘੇਰਦੀ ਸੀ। ਛੇਵੇਂ ਬਾਦਸ਼ਾਹ ਔਰੰਗਜ਼ੇਬ ਨੇ ਲਾਲ ਕਿਲ੍ਹੇ ਵਿੱਚ ਚਿੱਟੇ ਸੰਗਮਰਮਰ ਦੀ ਇੱਕ ਛੋਟੀ ਜਿਹੀ ਸੁੰਦਰ ਕਲਾਤਮਕ ਮੋਤੀ-ਮਸਜਿਦ ਵੀ ਬਣਵਾਈ ਸੀ।
ਪਰ 1857 ਵਿੱਚ ਬਹਾਦਰ ਸ਼ਾਹ ਜ਼ਫ਼ਰ ਨੂੰ ਗ੍ਰਿਫ਼ਤਾਰ ਕਰਕੇ ਅੰਗਰੇਜ਼ਾਂ ਨੇ ਜ਼ਬਰਦਸਤੀ ਸ਼ਾਹੀ ਪਰਿਵਾਰ ਸਮੇਤ ਕਿਲ੍ਹਾ ਕਲਕੱਤਾ ਭੇਜ ਦਿੱਤਾ ਸੀ। ਕੰਪਨੀ ਨੇ ਸ਼ਾਹੀ ਖਜ਼ਾਨੇ ਸਮੇਤ ਲਾਲ ਕਿਲ੍ਹੇ ਨੂੰ ਲੁੱਟ ਲਿਆ ਸੀ ਅਤੇ ਇੱਥੇ ਬੁਰਜੀ ‘ਤੇ ਮੁਗਲ ਝੰਡੇ ਦੀ ਥਾਂ ‘ਤੇ ਆਪਣਾ ਯੂਨੀਅਨ ਜੈਕ ਲਹਿਰਾਇਆ ਸੀ। ਯਾਨੀ ਕਿਲੇ ਉੱਤੇ ਕਬਜ਼ਾ ਕਰ ਲਿਆ ਸੀ। ਫਿਰ ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਦੇਸ਼ ਨੂੰ ਸੁਨੇਹਾ ਦਿੰਦਿਆਂ ਤਿਰੰਗਾ ਲਹਿਰਾ ਕੇ ਨਵੀਂ ਪਰੰਪਰਾ ਸ਼ੁਰੂ ਕੀਤੀ ਸੀ। ਇਸ ਤੋਂ ਬਾਅਦ ਦਹਾਕਿਆਂ ਤੱਕ ਲਾਲ ਕਿਲ੍ਹੇ ਵਿੱਚ ਫੌਜੀ ਸਿਖਲਾਈ ਵੀ ਦਿੱਤੀ ਜਾਂਦੀ ਰਹੀ ਹੈ। ਇਸਨੂੰ 2007 ਵਿੱਚ ਵਿਸ਼ਵ ਵਿਰਾਸਤ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: