ਕੇਂਦਰ ਦੇ ਤਿੰਨੋਂ ਖੇਤੀਬਾੜੀ ਕਾਨੂੰਨਾਂ ਖਿਲਾਫ਼ ਪਿਛਲੇ 9 ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ‘ਤੇ ਕਿਸਾਨ ਅੰਦੋਲਨ ਜਾਰੀ ਹੈ। ਇਸੇ ਵਿਚਾਲੇ ਅੱਜ ਯਾਨੀ ਕਿ ਐਤਵਾਰ ਨੂੰ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਵਿੱਚ ਕਿਸਾਨਾਂ ਵੱਲੋਂ ਮਹਾਪੰਚਾਇਤ ਸੱਦੀ ਗਈ, ਜੋ ਕਿ ਮੁਜ਼ੱਫਰਨਗਰ ਦੇ ਜੀਆਈਸੀ ਮੈਦਾਨ ਵਿੱਚ ਜਾਰੀ ਹੈ।
ਇਸ ਮਹਾਪੰਚਾਇਤ ਵਿੱਚ ਭਾਰੀ ਗਿਣਤੀ ਵਿੱਚ ਕਿਸਾਨ ਸ਼ਾਮਿਲ ਹੋਏ ਹਨ । ਇੱਥੇ ਕਿਸਾਨਾਂ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ।
ਇਹ ਵੀ ਪੜ੍ਹੋ: ਕੱਚੇ ਮੁਲਾਜ਼ਮ ਦੇ ਵਾਰਿਸ ਤਰਸ ਦੇ ਆਧਾਰ ‘ਤੇ ਨੌਕਰੀ ਦੇ ਹੱਕਦਾਰ ਨਹੀਂ : ਹਾਈਕੋਰਟ
ਇਸ ਮਹਾਂਪੰਚਾਇਤ ਵਿਚਾਲੇ ਮੁਜ਼ੱਫਰਨਗਰ ਤੋਂ ਇੱਕ ਅਨੋਖੀ ਤਸਵੀਰ ਸਾਹਮਣੇ ਆਈ ਹੈ, ਜਿੱਥੇ ਵਲੰਟੀਅਰਾਂ ਵੱਲੋਂ ਇੱਥੇ ਆਉਣ ਵਾਲੇ ਕਿਸਾਨਾਂ ਦਾ ਹਲਵਾ ਖਵਾ ਕੇ ਸਵਾਗਤ ਕੀਤਾ ਜਾ ਰਿਹਾ ਹੈ। ਇੱਥੇ ਮੁਸਲਿਮ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਜਿਸ ਕਾਰਨ ਇਨ੍ਹਾਂ ਵਲੰਟੀਅਰਾਂ ਵਿੱਚ ਬਹੁਤ ਸਾਰੇ ਮੁਸਲਿਮ ਨੌਜਵਾਨ ਵੀ ਸ਼ਾਮਿਲ ਹਨ ।
ਦੱਸ ਦੇਈਏ ਕਿ ਇਸ ਮਹਾਂਪੰਚਾਇਤ ਵਿੱਚ ਸੈਂਕੜੇ ਦੀ ਗਿਣਤੀ ਵਿੱਚ ਮਹਿਲਾਵਾਂ ਵੀ ਪਹੁੰਚੀਆਂ ਹਨ। ਇੱਥੇ ਆਈਆਂ ਮਹਿਲਾਵਾਂ ਵੱਲੋਂ ਵੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਉੱਥੇ ਹੀ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਇੱਕ ਟਵੀਟ ਕਰ ਕੇ ਮਹਾਂਪੰਚਾਇਤ ਵਿੱਚ ਹੋਏ ਕਿਸਾਨਾਂ ਦੇ ਇਕੱਠ ਨੂੰ ਤਾਕਤ ਦੱਸਿਆ ਗਿਆ ਹੈ। ਇਸ ਬਾਰੇ ਸੰਯੁਕਤ ਕਿਸਾਨ ਮੋਰਚੇ ਦਾ ਕਹਿਣਾ ਹੈ ਕਿ ਹੁਣ ਸਰਕਾਰ ਨੂੰ ਸਾਡੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ।