national informatics centre faced cyberattack: ਪਿੱਛਲੇ ਦਿਨੀਂ ਸਾਹਮਣੇ ਆਈ ਚੀਨ ਵੱਲੋਂ ਜਾਸੂਸੀ ਦੀ ਘਟਨਾ ਤੋਂ ਬਾਅਦ ਹੁਣ ਇੱਕ ਵੱਡਾ ਖੁਲਾਸਾ ਹੋਇਆ ਹੈ। ਨੈਸ਼ਨਲ ਇਨਫਰਮੇਟਿਕਸ ਸੈਂਟਰ (ਐਨਆਈਸੀ) ਦੇ ਬਹੁਤ ਸਾਰੇ ਕੰਪਿਟਰ ਹੈਕਰਾਂ ਦੁਆਰਾ ਹੈਕ ਕੀਤੇ ਗਏ ਹਨ। ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਦੀ ਟੀਮ ਨੇ ਸਤੰਬਰ ਦੇ ਸ਼ੁਰੂ ਵਿੱਚ ਹੀ ਇਸ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਹੈ। ਐਨਆਈਸੀ ਦੇ ਇਨ੍ਹਾਂ ਕੰਪਿਉਟਰਾਂ ਵਿੱਚ ਭਾਰਤੀ ਸੁਰੱਖਿਆ, ਨਾਗਰਿਕਾਂ, ਵੱਡੀਆਂ ਵੀਆਈਪੀ ਸ਼ਖਸੀਅਤਾਂ ਨਾਲ ਜੁੜੇ ਡੇਟਾ ਉਪਲਬਧ ਹਨ। ਇਨ੍ਹਾਂ ਵਿੱਚ ਪ੍ਰਧਾਨ ਮੰਤਰੀ ਤੋਂ ਰਾਸ਼ਟਰੀ ਸੁਰੱਖਿਆ ਸਲਾਹਕਾਰ ਤੱਕ ਦਾ ਡਾਟਾ ਸ਼ਾਮਿਲ ਹੈ। ਜਾਣਕਾਰੀ ਅਨੁਸਾਰ ਇਹ ਹਮਲਾ ਬੈਂਗਲੁਰੂ ਦੀ ਇੱਕ ਫਰਮ ਤੋਂ ਕੀਤਾ ਗਿਆ ਸੀ। ਐਨਆਈਸੀ ਦੇ ਕਰਮਚਾਰੀਆਂ ਨੂੰ ਇੱਕ ਮੇਲ ਆਈ ਸੀ, ਜਿਸਨੇ ਉਸ ਮੇਲ ਦੇ ਲਿੰਕ ਨੂੰ ਕਲਿੱਕ ਕੀਤਾ, ਉਸਦਾ ਡਾਟਾ ਗਾਇਬ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਸਾਈਬਰ ਹਮਲੇ ਵਿੱਚ ਤਕਰੀਬਨ 100 ਕੰਪਿਉਟਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਜਿਸ ਵਿੱਚ ਕੁੱਝ ਐਨਆਈਸੀ ਨਾਲ ਸਬੰਧਿਤ ਸਨ ਅਤੇ ਕੁੱਝ ਆਈ ਟੀ ਮੰਤਰਾਲੇ ਨਾਲ ਜੁੜੇ ਹੋਏ ਸਨ।
ਇਸ ਕੇਸ ਦੇ ਬਾਅਦ ਐਨਆਈਸੀ ਦੀ ਸ਼ਿਕਾਇਤ ‘ਤੇ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਆਈ ਟੀ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਦੀ ਅਜੇ ਜਾਂਚ ਚੱਲ ਰਹੀ ਹੈ, ਪਰ ਸੂਤਰਾਂ ਅਨੁਸਾਰ ਇਹ ਮੇਲ ਬੰਗਲੌਰ ਵਿੱਚ ਇੱਕ ਅਮਰੀਕੀ ਕੰਪਨੀ ਵਲੋਂ ਆਇਆ ਸੀ। ਜਿਸ ਦੀ ਜਾਣਕਾਰੀ ਆਈ ਪੀ ਐਡਰੈਸ ਤੋਂ ਪ੍ਰਾਪਤ ਕੀਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਕੁੱਝ ਦਿਨ ਪਹਿਲਾਂ ਹੀ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਕੁੱਝ ਚੀਨੀ ਕੰਪਨੀਆਂ ਲੱਗਭਗ 10 ਹਜ਼ਾਰ ਭਾਰਤੀਆਂ ‘ਤੇ ਨਜ਼ਰ ਰੱਖ ਰਹੀਆਂ ਹਨ। ਉਨ੍ਹਾਂ ਵਿੱਚੋਂ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਸੀਨੀਅਰ ਅਧਿਕਾਰੀ, ਕੇਂਦਰੀ ਮੰਤਰੀ, ਮੁੱਖ ਮੰਤਰੀ, ਲੀਡਰ, ਖਿਡਾਰੀ, ਅਦਾਕਾਰ ਸਣੇ ਕਈ ਮਸ਼ਹੂਰ ਹਸਤੀਆਂ ਦੇ ਅੰਕੜਿਆਂ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਚੀਨੀ ਕੰਪਨੀ ਇਨ੍ਹਾਂ ਸਾਰਿਆਂ ਦੀ ਹੱਲਚਲ ਨੂੰ ਰਿਕਾਰਡ ਕਰ ਰਹੀ ਹੈ। ਇਸ ਖੁਲਾਸੇ ਦਾ ਮੁੱਦਾ ਸੰਸਦ ਵਿੱਚ ਚੁੱਕਿਆ ਗਿਆ, ਜਿਸ ਤੋਂ ਬਾਅਦ ਵਿਦੇਸ਼ ਮੰਤਰਾਲੇ ਵੱਲੋਂ ਚੀਨੀ ਦੂਤਘਰ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ। ਨਾਲ ਹੀ ਇੱਕ ਕਮੇਟੀ ਵੀ ਬਣਾਈ ਗਈ ਹੈ ਜੋ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।