ਆਜ਼ਾਦ ਸਮਾਜ ਪਾਰਟੀ ਦੇ ਸੰਸਥਾਪਕ ਚੰਦਰਸ਼ੇਖਰ ਆਜ਼ਾਦ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 2022 ਵਿੱਚ ਸਮਾਜਵਾਦੀ ਪਾਰਟੀ ਨਾਲ ਕੋਈ ਗੱਠਜੋੜ ਨਹੀਂ ਕਰੇਗੀ। ਲਖਨਊ ‘ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਸਪਾ ਮੁਖੀ ਅਖਿਲੇਸ਼ ਯਾਦਵ ‘ਤੇ ਤਿੱਖਾ ਹਮਲਾ ਬੋਲਿਆ ਅਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਬਹੁਜਨ ਸਮਾਜ ਦਾ ਅਪਮਾਨ ਕੀਤਾ ਹੈ।
ਸ਼ਨੀਵਾਰ ਨੂੰ ਲਖਨਊ ‘ਚ ਪ੍ਰੈੱਸ ਕਾਨਫਰੰਸ ‘ਚ ਚੰਦਰਸ਼ੇਖਰ ਨੇ ਕਿਹਾ ਕਿ ਅਖਿਲੇਸ਼ ਯਾਦਵ ਨੂੰ ਅਨੁਸੂਚਿਤ ਜਾਤੀ ਵਾਲਿਆਂ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਭਾਜਪਾ ਨੂੰ ਰੋਕਣ ਦੀ ਲਗਾਤਾਰ ਕੋਸ਼ਿਸ਼ ਕਰਾਂਗੇ। ਚੰਦਰਸ਼ੇਖਰ ਨੇ ਆਪਣੇ ਦਮ ‘ਤੇ ਚੋਣ ਲੜਨ ਦੀ ਗੱਲ ਕਹੀ ਹੈ। ਚੰਦਰਸ਼ੇਖਰ ਨੇ ਕਿਹਾ ਕਿ ਮੈਂ ਆਤਮ ਸਨਮਾਨ ਲਈ ਲੜਦਾ ਹਾਂ। ਮੈਂ ਦੋ ਵਾਰ ਤਿਹਾੜ ਜੇਲ੍ਹ ਗਿਆ ਹਾਂ। ਉਨ੍ਹਾਂ ਕਿਹਾ ਕਿ ਮੇਰੀ ਲੜਾਈ ਕਦੇ ਸੱਤਾ ਲਈ ਨਹੀਂ ਰਹੀ।
ਪ੍ਰੈੱਸ ਕਾਨਫਰੰਸ ‘ਚ ਚੰਦਰਸ਼ੇਖਰ ਨੇ ਕਿਹਾ ਕਿ ਅਖਿਲੇਸ਼ ਅਨੁਸੂਚਿਤ ਜਾਤੀ ਵਾਲਿਆਂ ਦਾ ਸਮਰਥਨ ਨਹੀਂ ਚਾਹੁੰਦੇ ਹਨ। ਉਨ੍ਹਾਂ ਦੋਸ਼ ਲਾਇਆ, ”ਕੱਲ੍ਹ ਸਾਨੂੰ ਅਖਿਲੇਸ਼ ਜੀ ਨੇ ਜ਼ਲੀਲ ਕੀਤਾ। ਅਖਿਲੇਸ਼ ਜੀ ਨੇ ਕੱਲ੍ਹ ਬਹੁਜਨ ਸਮਾਜ ਦਾ ਨਿਰਾਦਰ ਕੀਤਾ।” ਇਸ ਦੇ ਨਾਲ ਹੀ ਚੰਦਰਸ਼ੇਖਰ ਆਜ਼ਾਦ ਨੇ ਕਿਹਾ ਕਿ ਅਖਿਲੇਸ਼ ਯਾਦਵ ਸਮਾਜਿਕ ਨਿਆਂ ਦਾ ਮਤਲਬ ਨਹੀਂ ਸਮਝਦੇ। ਚੰਦਰਸ਼ੇਖਰ ਨੇ ਕਿਹਾ, “ਮੈਂ ਭਾਜਪਾ ਨੂੰ ਸੱਤਾ ‘ਚ ਵਾਪਿਸ ਆਉਣ ਤੋਂ ਰੋਕਣ ਲਈ ਵੱਡਾ ਗੱਠਜੋੜ ਚਾਹੁੰਦਾ ਸੀ, ਪਰ ਅਖਿਲੇਸ਼ ਯਾਦਵ ਸਾਡੇ ਅਧਿਕਾਰਾਂ ਦੇ ਸਵਾਲ ‘ਤੇ ਚੁੱਪ ਹਨ। ਹੁਣ ਅਸੀਂ ਆਪਣੇ ਦਮ ‘ਤੇ ਲੜਾਂਗੇ। ਸਾਡੀ ਕੋਸ਼ਿਸ਼ ਖਿੰਡੇ ਹੋਏ ਵਿਰੋਧੀਆਂ ਨੂੰ ਇਕਜੁੱਟ ਕਰਨ ਦੀ ਸੀ। ਮੈਂ ਪਹਿਲਾਂ ਮਾਇਆਵਤੀ ਨਾਲ ਗਠਜੋੜ ਦੀ ਕੋਸ਼ਿਸ਼ ਕੀਤੀ ਸੀ।”
ਇਹ ਵੀ ਪੜ੍ਹੋ : ਭੰਗ ਬਣੇਗੀ ਕੋਰੋਨਾ ਖ਼ਿਲਾਫ ਰਾਮਬਾਣ ਹਥਿਆਰ! ਰਿਸਰਚ ‘ਚ ਹੋਇਆ ਵੱਡਾ ਖੁਲਾਸਾ
ਇਸ ਤੋਂ ਪਹਿਲਾਂ ਕੱਲ੍ਹ ਦੋਹਾਂ ਨੇਤਾਵਾਂ ਨੇ ਮੁਲਾਕਾਤ ਕੀਤੀ ਸੀ। ਸੂਤਰ ਦੱਸਦੇ ਹਨ ਕਿ ਇਸ ਮੀਟਿੰਗ ਵਿੱਚ ਦੋਵਾਂ ਵਿਚਾਲੇ ਸੀਟਾਂ ਦੀ ਵੰਡ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਹੋ ਸਕਿਆ। ਚੰਦਰਸ਼ੇਖਰ ਆਪਣੇ ਲਈ 10 ਸੀਟਾਂ ਦੀ ਮੰਗ ਕਰ ਰਹੇ ਸਨ, ਜਦਕਿ ਅਖਿਲੇਸ਼ ਉਨ੍ਹਾਂ ਨੂੰ ਸਿਰਫ਼ ਤਿੰਨ ਸੀਟਾਂ ਦੇਣ ਲਈ ਤਿਆਰ ਸਨ।
ਵੀਡੀਓ ਲਈ ਕਲਿੱਕ ਕਰੋ -: