Nodeep kaur said after release : ਬੀਤੇ ਦਿਨ ਮਜ਼ਦੂਰ ਕਾਰਕੁੰਨ ਨੌਦੀਪ ਨੂੰ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਸੀ। ਕੱਲ ਨੌਦੀਪ ਕੌਰ ਡੇਢ ਮਹੀਨੇ ਬਾਅਦ ਜੇਲ੍ਹ ਤੋਂ ਬਾਹਰ ਆਈ ਹੈ। ਹਰਿਆਣਾ ਵਿੱਚ ਮਜ਼ਦੂਰਾਂ ਲਈ ਲੜ ਰਹੀ ਨੋਦੀਪ ਕੌਰ ਨੇ ਰਿਹਾਈ ਤੋਂ ਬਾਅਦ ਕਿਹਾ ਹੈ ਕਿ ਉਹ ਫਿਰ ਸਿੰਘੂ ਸਰਹੱਦ ‘ਤੇ ਜਾ ਕੇ ਕਿਸਾਨਾਂ ਨਾਲ ਬੈਠੇਗੀ। ਨੋਦੀਪ ਕੌਰ ਨੂੰ ਕਰਨਾਲ ਤੋਂ ਰਿਹਾ ਕੀਤਾ ਗਿਆ ਹੈ। ਉਸ ਉੱਤੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਹਿੰਸਾ ਵਿੱਚ ਸ਼ਾਮਿਲ ਹੋਣ ਦਾ ਦੋਸ਼ ਲਾਇਆ ਗਿਆ ਸੀ। ਤਿੰਨਾਂ ਮਾਮਲਿਆਂ ਵਿੱਚ ਜ਼ਮਾਨਤ ਮਿਲਣ ਤੋਂ ਬਾਅਦ ਉਸਨੂੰ ਸ਼ੁੱਕਰਵਾਰ ਨੂੰ ਰਿਹਾ ਕੀਤਾ ਗਿਆ ਹੈ। ਨੋਦੀਪ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ। ਨੋਦੀਪ ਨੇ ਕਿਹਾ ਕਿ ਉਹ ਦੁਨੀਆ ਭਰ ਦੇ ਸਹਿਯੋਗ ਲਈ ਧੰਨਵਾਦ ਕਰਦੀ ਹੈ। ਮੈਂ ਅੱਗੇ ਵੀ ਲੜਾਈ ਲੜਦੀ ਰਹਾਂਗੀ। ਲੋਕਾਂ ਲਈ ਕੰਮ ਕਰਨਾ ਜਾਰੀ ਰੱਖਾਂਗੀ। ਨੋਦੀਪ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਸਾਥੀ ਸ਼ਿਵਕੁਮਾਰ 12 ਜਨਵਰੀ ਨੂੰ ਹੋਏ ਵਿਰੋਧ ਪ੍ਰਦਰਸ਼ਨ ਦੌਰਾਨ ਉਨ੍ਹਾਂ ਨਾਲ ਮੌਜੂਦ ਵੀ ਨਹੀਂ ਸੀ। ਫਿਰ ਵੀ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ।
ਕਾਨੂੰਨ ਵਿਵਸਥਾ ਨੂੰ ਵਿਗਾੜਨ ਦੀ ਕੋਸ਼ਿਸ਼ ਕਰਨ ਦੀ ਗੱਲ ‘ਤੇ ਨੋਦੀਪ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਇਸ ਤਰ੍ਹਾਂ ਨਹੀਂ ਕੀਤਾ। ਨੋਦੀਪ ਨੇ ਕਿਹਾ, ਮੈਂ ਹੁਣ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲ ਕਰਾਂਗੀ। ਨੋਦੀਪ ਨੇ ਕਿਹਾ ਮੈ ਸਿੰਘੂ ਸਰਹੱਦ ‘ਤੇ ਫਿਰ ਜਾਵਾਂਗੀ ਅਤੇ ਕਿਸਾਨਾਂ ਨਾਲ ਬੈਠਾਂਗੀ। ਵਸੂਲੀ, ਹਿੰਸਾ ਦੇ ਦੋਸ਼ਾਂ ‘ਤੇ ਨੋਦੀਪ ਕੌਰ ਨੇ ਕਿਹਾ ਕਿ ਇਹ ਮਾਮਲਾ ਅਦਾਲਤ ‘ਚ ਵਿਚਾਰ ਅਧੀਨ ਹੈ, ਇਸ ਲਈ ਮੈਂ ਹੋਰ ਨਹੀਂ ਕਹਿਣਾ ਚਾਹੁੰਦੀ। ਨੋਦੀਪ ਕੌਰ ਨੇ ਕਿਹਾ ਕਿ ਆਪਣੇ ਵਕੀਲ ਨਾਲ ਗੱਲ ਕਰਨ ਤੋਂ ਬਾਅਦ ਹੀ ਆਪਣੀ ਅੱਗੇ ਦੀ ਰਣਨੀਤੀ ਬਾਰੇ ਗੱਲ ਕਰਨਗੇ।