olympic qualifier five lakhs haryana : ਉਲੰਪਿਕ ਖੇਡਾਂ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਨੇ ਖਿਡਾਰੀਆਂ ਨੂੰ ਵੱਡਾ ਤੋਹਫਾ ਦਿੰਦਿਆਂ ਕਈ ਐਲਾਨ ਕੀਤੇ ਹਨ।ਹਰਿਆਣਾ ਸਰਕਾਰ ਦੇ ਓਲੰਪਿਕ ਅਤੇ ਪੈਰਾਲੰਪਿਕਸ ਖੇਡਾਂ ਵਿਚ ਯੋਗਤਾ ਪ੍ਰਾਪਤ ਖਿਡਾਰੀਆਂ ਨੂੰ 5 ਲੱਖ ਰੁਪਏ ਤੱਕ ਦੀ ਲਾਭ ਰਾਸ਼ੀ ਦੇਣ ਦੀ ਯੋਜਨਾ ਨੂੰ ਪ੍ਰਵਾਨਗੀ ਦਿੱਤੀ ਹੈ।
ਹਰਿਆਣਾ ਦੇ ਖੇਡ ਅਤੇ ਯੁਵਾ ਮਾਮਲੇ ਦੇ ਰਾਜ ਮੰਤਰੀ ਸੰਦੀਪ ਸਿੰਘ ਵਲੋਂ ਇਸ ਸੰਬੰਧ ਵਿਚ ਦਿੱਤੇ ਗਏ ਪ੍ਰਸਤਾਵ ‘ਤੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਆਪਣੀ ਮੋਹਰ ਲਾ ਦਿੱਤੀ ਹੈ, ਜਿਸ ਨਾਲ ਸਾਲ 2021’ਚ ਹੋਣ ਵਾਲੀਆਂ ਟੋਕੀਓ ਓਲੰਪਿਕ ਦੀ ਤਿਆਰੀ ਕਰ ਰਹੇ ਖਿਡਾਰੀਆਂ ‘ਚ ਉਤਸ਼ਾਹ ਦੀ ਲਹਿਰ ਦੌੜ ਗਈ ਹੈ,ਇਸ ਤੋਂ ਪਹਿਲਾਂ ਓਲੰਪਿਕ ਅਤੇ ਪੈਰਾਲੰਪਿਕ ਖੇਡਣ ਤੋਂ ਬਾਅਦ ਖਿਡਾਰੀਆਂ ਨੂੰ 15 ਲੱਖ ਰੁਪਏ ਲਾਭ ਰਾਸ਼ੀ ਸਰਕਾਰ ਵਲੋਂ ਦਿੱਤੀ ਜਾਂਦੀ ਸੀ ਪਰ ਸਰਕਾਰ ਨੇ ਹੁਣ ਇਹ ਰਾਸ਼ੀ ਓਲੰਪਿਕ ਅਤੇ ਪੈਰਾਲੰਪਿਕ ਲਈ ਤਿਆਰੀ ਕਰ ਰਹੇ ਖਿਡਾਰੀਆਂ ਨੂੰ ਪਹਿਲਾਂ ਹੀ ਮੁਹੱਈਆ ਕਰਾਉਣ ਦਾ ਫ਼ੈਸਲਾ ਲਿਆ ਹੈ, ਕਿਉਂਕਿ ਇਸ ਸਮੇਂ ਉਨ੍ਹਾਂ ਨੂੰ ਖੁਰਾਕ ਅਤੇ ਖੇਡ ਉਪਕਰਣ ਆਦਿ ਦੀ ਖਰੀਦ ਲਈ ਪੈਸੇ ਦੀ ਵਧੇਰੇ ਲੋੜ ਹੁੰਦੀ ਹੈ, ਜਦਕਿ ਬਕਾਇਆ ਰਾਸ਼ੀ ਉਨ੍ਹਾਂ ਨੂੰ ਓਲੰਪਿਕ ਖੇਡਣ ਮਗਰੋਂ ਦਿੱਤੀ ਜਾਵੇਗੀ। ਸਿੰਘ ਨੇ ਦੱਸਿਆ ਕਿ ਅਗਲੇ ਸਾਲ ਹੋਣ ਵਾਲੀਆਂ ਖੇਡਾਂ ਤੋਂ ਪਹਿਲਾਂ ਸਰਕਾਰ ਖਿਡਾਰੀਆਂ ਲਈ ਕਈ ਹੋਰ ਨਵੀਂਆਂ ਯੋਜਨਾਵਾਂ ਲਿਆਉਣ ਜਾ ਰਹੀ ਹੈ, ਜਿਨ੍ਹਾਂ ਤੋਂ ਉਨ੍ਹਾਂ ਨੂੰ ਆਪਣਾ ਭਵਿੱਖ ਸੰਵਾਰਨ ਵਿਚ ਮਦਦ ਮਿਲੇਗੀ।