ਸੰਸਦ ਦੇ ਸਰਦ ਰੁੱਤ ਸੈਸ਼ਨ ਦਾ ਅੱਜ ਦੂਜਾ ਦਿਨ ਹੈ। ਜਦਕਿ ਪਹਿਲਾ ਦਿਨ ਹੰਗਾਮਾ ਭਰਿਆ ਰਿਹਾ ਸੀ। ਬੀਤੇ ਦਿਨ ਵਿਰੋਧੀ ਧਿਰ ਦੇ ਹੰਗਾਮੇ ਦਰਮਿਆਨ ਖੇਤੀਬਾੜੀ ਕਾਨੂੰਨਾਂ ਨੂੰ ਵਾਪਿਸ ਲੈਣ ਦਾ ਬਿੱਲ ਲੋਕ ਸਭਾ ਅਤੇ ਰਾਜ ਸਭਾ ਨੇ ਪਾਸ ਕਰ ਦਿੱਤਾ ਹੈ।
ਦੂਜੇ ਦਿਨ ਵੀ ਹੰਗਾਮਾ ਹੋਣ ਦੀ ਸੰਭਾਵਨਾ ਹੈ ਅਤੇ ਉਹ ਇਸ ਲਈ ਹੈ ਕਿਉਂਕਿ ਕੱਲ੍ਹ ਰਾਜ ਸਭਾ ਦੇ 12 ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸੰਸਦ ਮੈਂਬਰਾਂ ਦੀ ਮੁਅੱਤਲੀ ਨੂੰ ਲੈ ਕੇ ਵਿਰੋਧੀ ਧਿਰ ਲਾਮਬੰਦ ਹੋ ਗਈ ਹੈ। ਮੰਗਲਵਾਰ ਨੂੰ ਕਾਂਗਰਸ ਸਾਂਸਦ ਰਾਹੁਲ ਗਾਂਧੀ ਨੇ ਬੈਠਕ ਬੁਲਾਈ ਹੈ, ਜਿਸ ‘ਚ 16 ਪਾਰਟੀਆਂ ਦੇ ਨੇਤਾਵਾਂ ਨੇ ਸ਼ਿਰਕਤ ਕੀਤੀ ਹੈ। ਕਾਂਗਰਸ ਲਗਾਤਾਰ ਵਿਰੋਧੀ ਧਿਰ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸੰਸਦ ਮੈਂਬਰਾਂ ਦੀ ਮੁਅੱਤਲੀ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਅੱਜ ਮੀਟਿੰਗ ਕੀਤੀ ਹੈ, ਜਿਸ ਦੀ ਪ੍ਰਧਾਨਗੀ ਰਾਹੁਲ ਗਾਂਧੀ ਨੇ ਕੀਤੀ।
ਦਿਲਚਸਪ ਗੱਲ ਇਹ ਹੈ ਕਿ ਕੱਲ੍ਹ ਹੋਈ ਮੀਟਿੰਗ ਵਿੱਚ ਸਿਰਫ਼ 11 ਪਾਰਟੀਆਂ ਨੇ ਹਿੱਸਾ ਲਿਆ ਸੀ ਪਰ ਅੱਜ 16 ਪਾਰਟੀਆਂ ਨੇ ਸ਼ਮੂਲੀਅਤ ਕੀਤੀ। ਵਿਰੋਧੀ ਪਾਰਟੀਆਂ ਦੀ ਮੀਟਿੰਗ ਵਿੱਚ ਕਾਂਗਰਸ ਤੋਂ ਇਲਾਵਾ ਡੀਐਮਕੇ, ਸ਼ਿਵ ਸੈਨਾ, ਐਨਸੀਪੀ, ਸੀਪੀਐਮ, ਸੀਪੀਆਈ, ਆਰਜੇਡੀ, ਆਈਯੂਐਮਐਲ, ਐਮਡੀਐਮਕੇ, ਐਲਜੇਡੀ, ਨੈਸ਼ਨਲ ਕਾਨਫਰੰਸ, ਆਰਐਸਪੀ, ਟੀਆਰਐਸ, ਕੇਰਲ ਕਾਂਗਰਸ, ਵੀਸੀਕੇ ਅਤੇ ਆਮ ਆਦਮੀ ਪਾਰਟੀ ਨੇ ਹਿੱਸਾ ਲਿਆ। ਸੂਤਰਾਂ ਨੇ ਇਹ ਵੀ ਦੱਸਿਆ ਕਿ ਜੇਕਰ ਮੁਅੱਤਲੀ ਵਾਪਿਸ ਨਾ ਲਈ ਗਈ ਤਾਂ ਵਿਰੋਧੀ ਪਾਰਟੀਆਂ ਰਾਜ ਸਭਾ ਦਾ ਬਾਈਕਾਟ ਕਰਨਗੀਆਂ। ਇਸ ਦੇ ਨਾਲ ਹੀ ਹੁਣ ਵਿਰੋਧੀ ਪਾਰਟੀਆਂ ਰਾਜ ਸਭਾ ਦੇ ਚੇਅਰਮੈਨ ਅਤੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਕੋਲ ਵੀ ਜਾਣਗੀਆਂ।
ਵੀਡੀਓ ਲਈ ਕਲਿੱਕ ਕਰੋ -: