Owaisi slashes on rss chief mohan bhagwat : ਨਵੀਂ ਦਿੱਲੀ: ਹੈਦਰਾਬਾਦ ਦੇ ਸੰਸਦ ਮੈਂਬਰ ਅਤੇ ਆਲ ਇੰਡੀਆ ਮਜਲਿਸ-ਏ-ਇਤਹਾਦੁਲ ਮੁਸਲੀਮੀਨ (AIMIM) ਦੇ ਮੁਖੀ ਅਸਦੁਦੀਨ ਓਵੈਸੀ ਨੇ ਆਰਐਸਐਸ ਮੁਖੀ ਮੋਹਨ ਭਾਗਵਤ (RSS) ਦੇ ‘ਹਿੰਦੂ ਦੇਸ਼ ਭਗਤ’ ਵਾਲੇ ਬਿਆਨ ‘ਤੇ ਤਿੱਖੀ ਪ੍ਰਤੀਕ੍ਰਿਆ ਦਿੱਤੀ ਹੈ। ਉਨ੍ਹਾਂ ਨੇ ਪੁੱਛਿਆ ਹੈ ਕਿ ਜੇ ਸਾਰੇ ਹਿੰਦੂ ਦੇਸ਼ ਭਗਤ ਹਨ, ਤਾਂ ਗਾਂਧੀ ਜੀ ਦੇ ਕਾਤਲ ਨੱਥੂਰਾਮ ਗੋਡਸੇ ਬਾਰੇ ਤੁਸੀਂ ਕੀ ਸੋਚਦੇ ਹੋ? ਓਵੈਸੀ ਨੇ ਟਵੀਟ ਕਰਕੇ ਪੁੱਛਿਆ, “ਕੀ ਭਾਗਵਤ ਜਵਾਬ ਦੇਣਗੇ: ਗਾਂਧੀ ਜੀ ਦੇ ਕਾਤਲ ਗੌਡਸੇ ਦੇ ਬਾਰੇ?” ਨੈਲੀ ਕਤਲੇਆਮ, 1984 ਦੇ ਸਿੱਖ ਵਿਰੋਧੀ ਦੰਗਿਆਂ ਅਤੇ 2002 ਦੇ ਗੁਜਰਾਤ ਕਤਲੇਆਮ ਲਈ ਜ਼ਿੰਮੇਵਾਰ ਲੋਕਾਂ ਬਾਰੇ?”
ਉਨ੍ਹਾਂ ਨੇ ਅੱਗੇ ਲਿਖਿਆ, “ਇਹ ਵਾਜਬ ਹੈ ਕਿ ਧਰਮ ਵਿੱਚ ਭੇਦਭਾਵ ਕੀਤੇ ਬਿਨਾਂ, ਬਹੁਤੇ ਭਾਰਤੀ ਦੇਸ਼ ਭਗਤ ਹਨ। ਇਹ ਆਰਐਸਐਸ ਦੀ ਸਿਰਫ ਬੇਤੁਕੀ ਵਿਚਾਰਧਾਰਾ ਹੈ ਕਿ ਇੱਕ ਧਰਮ ਦੇ ਲੋਕਾਂ ਨੂੰ ਆਪਣੇ ਆਪ ਦੇਸ਼ ਭਗਤੀ ਦਾ ਸਰਟੀਫਿਕੇਟ ਦੇ ਦਿੱਤਾ ਜਾਂਦਾ ਹੈ ਜਦੋਂ ਕਿ ਦੂਸਰੇ ਲੋਕਾਂ ਨੂੰ ਆਪਣੀ ਸਾਰੀ ਜ਼ਿੰਦਗੀ ਇਹ ਸਾਬਿਤ ਕਰਦਿਆਂ ਰਹਿਣਾ ਪੈਂਦਾ ਹੈ ਕਿ ਉਨ੍ਹਾਂ ਨੂੰ ਇਥੇ ਰਹਿਣ ਦਾ ਅਤੇ ਭਾਰਤੀ ਕਹਾਉਣ ਦਾ ਅਧਿਕਾਰ ਹੈ।”
ਦੱਸ ਦਈਏ ਕਿ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਵਿੱਚ ਇੱਕ ਪੁਸਤਕ ਰਿਲੀਜ਼ ਪ੍ਰੋਗਰਾਮ ਵਿੱਚ ਕਿਹਾ ਸੀ ਕਿ ਹਿੰਦੂ ਦੇਸ਼ ਭਗਤ ਹਨ। ਇਸ ਕਿਤਾਬ ਵਿੱਚ ਮਹਾਤਮਾ ਗਾਂਧੀ ਨੂੰ ਹਿੰਦੂ ਦੇਸ਼ ਭਗਤ ਦੱਸਿਆ ਗਿਆ ਹੈ। ਓਵੈਸੀ ਦਾ ਇਹ ਪ੍ਰਤੀਕਰਮ ਮੋਹਨ ਭਾਗਵਤ ਦੇ ਉਸੇ ਬਿਆਨ ‘ਤੇ ਆਇਆ ਹੈ। ਕਿਤਾਬ (ਦਿ ਮੇਕਿੰਗ ਆਫ ਏ ਟਰੂ ਪੈਟ੍ਰਿਓਟ: ਬੈਕਗ੍ਰਾਉਂਡ ਆਫ ਗਾਂਧੀ ਜੀ ਹਿੰਦ ਸਵਰਾਜ) ਵਿੱਚ ਲਿਖਿਆ ਗਿਆ ਹੈ ਕਿ ‘ਮਹਾਤਮਾ ਗਾਂਧੀ ਸਾਡੇ ਸਮੇਂ ਦੇ ਮਹਾਨ ਹਿੰਦੂ ਦੇਸ਼ ਭਗਤ ਸਨ’, ਇੱਕ ਹਜ਼ਾਰ ਪੰਨਿਆਂ ਦੀ ਇਹ ਕਿਤਾਬ ਮੁੱਖ ਤੌਰ ਤੇ ਗਾਂਧੀ ਜੀ ਦੁਆਰਾ 1891 ਤੋਂ 1909 ਦੇ ਵਿੱਚ ਲਿਖੇ ਲੇਖਾ ‘ਤੇ ਅਧਾਰਿਤ ਹੈ। ਇਸ ਵਿੱਚ ਗੁਜਰਾਤੀ ‘ਚ ਲਿਖੀ ਉਨ੍ਹਾਂ ਦੀ ਲਿਖਤ ਵੀ ਸ਼ਾਮਿਲ ਹੈ।