P Chidambaram came in support: ਨਵੀਂ ਦਿੱਲੀ: ਸੀਨੀਅਰ ਕਾਂਗਰਸ ਨੇਤਾ ਪੀ. ਚਿਦੰਬਰਮ ਨੇ ਦਿੱਲੀ ਪੁਲਿਸ ਵੱਲੋਂ ‘ਟੂਲਕਿੱਟ’ ਮਾਮਲੇ ਦੀ ਜਾਂਚ ਵਿੱਚ 22 ਸਾਲਾਂ ਜਲਵਾਯੂ ਕਾਰਕੁਨ ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ਦੀ ਨਿੰਦਾ ਕੀਤੀ ਹੈ। ਇਸ ਸਬੰਧੀ ਉਨ੍ਹਾਂ ਨੇ ਟਵੀਟ ਕਰ ਲਿਖਿਆ ਕਿ “ਜੇ 22 ਸਾਲਾ ਮਾਊਂਟ ਕਾਰਮਲ ਕਾਲਜ ਦੀ ਵਿਦਿਆਰਥੀ ਅਤੇ ਜਲਵਾਯੂ ਕਾਰਕੁਨ ਦਿਸ਼ਾ ਰਵੀ ਦੇਸ਼ ਲਈ ਖਤਰਾ ਬਣ ਗਈ ਹੈ ਤਾਂ ਭਾਰਤ ਇੱਕ ਬਹੁਤ ਹੀ ਕਮਜ਼ੋਰ ਨੀਂਹ ‘ਤੇ ਖੜ੍ਹਾ ਹੈ।” ਉਨ੍ਹਾਂ ਨੇ ਅੱਗੇ ਲਿਖਿਆ, “ਚੀਨੀ ਫੌਜਾਂ ਵੱਲੋਂ ਭਾਰਤੀ ਖੇਤਰ ਵਿੱਚ ਘੁਸਪੈਠ ਨਾਲੋਂ ਕਿਸਾਨਾਂ ਦੇ ਵਿਰੋਧ ਦਾ ਸਮਰਥਨ ਕਰਨ ਲਈ ਲਿਆਂਦੀ ਗਈ ਇੱਕ ਟੂਲਕਿੱਟ ਵਧੇਰੇ ਖ਼ਤਰਨਾਕ ਹੈ!”
ਚਿਦੰਬਰਮ ਨੇ ਦਿਸ਼ਾ ਦੀ ਗ੍ਰਿਫਤਾਰੀ ਦਾ ਵਿਰੋਧ ਕਰਦਿਆਂ ਇੱਕ ਹੋਰ ਟਵੀਟ ਵਿੱਚ ਲਿਖਿਆ, “ਭਾਰਤ ਬੇਤੁਕਾ ਰੰਗਮੰਚ ਬਣ ਰਿਹਾ ਹੈ ਅਤੇ ਇਹ ਦੁਖਦ ਹੈ ਕਿ ਦਿੱਲੀ ਪੁਲਿਸ ਜ਼ੁਲਮ ਕਰਨ ਵਾਲਿਆਂ ਦਾ ਇੱਕ ਔਜ਼ਾਰ ਬਣ ਗਈ ਹੈ। ਮੈਂ ਦਿਸ਼ਾ ਰਵੀ ਦੀ ਗ੍ਰਿਫਤਾਰੀ ਦੀ ਸਖਤ ਨਿੰਦਾ ਕਰਦਾ ਹਾਂ ਅਤੇ ਸਾਰੇ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਤਾਨਾਸ਼ਾਹੀ ਸ਼ਾਸਨ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨ ਦੀ ਅਪੀਲ ਕਰਦਾ ਹਾਂ।”
ਦੱਸ ਦੇਈਏ ਕਿ ਦਿੱਲੀ ਪੁਲਿਸ ਦੀ ਸਾਈਬਰ ਸੈੱਲ ਟੀਮ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਨਾਲ ਸਬੰਧਿਤ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਨੂੰ ਲੈ ਕੇ ਟੂਲਕਿੱਟ ਦਸਤਾਵੇਜ਼ ਮੌਸਮ ਤਬਦੀਲੀ ਕਾਰਕੁਨ ਗ੍ਰੇਟਾ ਥਨਬਰਗ ਨਾਲ ਸਾਂਝੇ ਕਰਨ ਲਈ ਦਿਸ਼ਾ ਨੂੰ ਸ਼ਨੀਵਾਰ ਬੈਂਗਲੁਰੂ ਤੋਂ ਗ੍ਰਿਫਤਾਰ ਕੀਤਾ ਸੀ। ਪੁਲਿਸ ਨੇ ਦਾਅਵਾ ਕੀਤਾ ਕਿ ਰਵੀ ਟੂਲਕਿੱਟ ਗੂਗਲ ਦਸਤਾਵੇਜ਼ ਦਾ ਸੰਪਾਦਨ ਕਰਨ ਵਾਲੀ ਐਡੀਟਰ ਸੀ ਅਤੇ ਦਸਤਾਵੇਜ਼ ਬਣਾਉਣ ਅਤੇ ਫੈਲਾਉਣ ਦੇ ਮਾਮਲੇ ਵਿੱਚ ਮੁੱਖ ਸਾਜ਼ਿਸ਼ਕਰਤਾ ਸੀ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਦਿਸ਼ਾ ਤੇ ਹੋਰਾਂ ਨੇ ਭਾਰਤ ਖਿਲਾਫ਼ ਹਿੰਸਾ ਫੈਲਾਉਣ ਲਈ ਇੱਕ ਫਾਊਂਡੇਸ਼ਨ ਨਾਲ ਮਿਲ ਕੇ ਕੰਮ ਕੀਤਾ। ਦਿੱਲੀ ਪੁਲਿਸ ਨੇ ਟਵੀਟ ਕਰਕੇ ਦਾਅਵਾ ਕੀਤਾ, “ਗ੍ਰੇਟਾ ਥਨਬਰਗ ਨਾਲ ਟੂਲਕਿੱਟ ਸਾਂਝਾ ਕਰਨ ਵਾਲਿਆਂ ਵਿੱਚੋਂ ਦਿਸ਼ਾ ਵੀ ਇੱਕ ਸੀ।”
ਦੱਸ ਦੇਈਏ ਕਿ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਦਿਸ਼ਾ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਬਾਅਦ ਵਿੱਚ ਉਸ ਨੂੰ ‘ਟੂਲਕਿੱਟ’ ਬਣਾਉਣ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ। ਦਿਸ਼ਾ ਨੇ ਬੈਂਗਲੁਰੂ ਦੇ ਇੱਕ ਪ੍ਰਾਈਵੇਟ ਕਾਲਜ ਤੋਂ ਬੀਬੀਏ ਦੀ ਡਿਗਰੀ ਪ੍ਰਾਪਤ ਕੀਤੀ ਹੈ ਅਤੇ ‘ਫ੍ਰਾਈਡੇਜ਼ ਫਾਰ ਫਿਊਚਰ ਇੰਡੀਆ’ ਨਾਮਕ ਇੱਕ ਸੰਸਥਾ ਦੀ ਸੰਸਥਾਪਕ ਮੈਂਬਰ ਵੀ ਹੈ।
ਇਹ ਵੀ ਦੇਖੋ: ਭਾਰਤੀ ਬਾਸਕਟਬਾਲ ਟੀਮ ਦੇ ਕਪਤਾਨ ਯਾਦਵਿੰਦਰ ਵੀ ਸਭ ਕੁੱਝ ਛੱਡ ਕੇ ਆ ਡੱਟੇ ਸਿੰਘੂ ਕਿਸਾਨ ਮੋਰਚੇ ‘ਚ…