Petrol diesel price today : ਦੇਸ਼ ਵਿੱਚ ਬੁੱਧਵਾਰ 5 ਮਈ 2021 ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਦੂਜੇ ਦਿਨ ਵੱਧ ਗਈਆਂ ਹਨ। ਰਿਟੇਲ ਫਿਊਲ ਦੀਆਂ ਕੀਮਤਾਂ ਵਿੱਚ ਤਕਰੀਬਨ 66 ਦਿਨਾਂ ਤੱਕ ਸ਼ਾਂਤੀ ਰਹੀ, ਜੋ ਮੰਗਲਵਾਰ ਨੂੰ ਪੈਟਰੋਲ ਵਿੱਚ 15 ਪੈਸੇ ਅਤੇ ਡੀਜ਼ਲ ‘ਚ 16 ਪੈਸੇ ਦੇ ਵਾਧੇ ਨਾਲ ਟੁੱਟ ਗਈ। ਅੱਜ ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਵਿੱਚ 19 ਪੈਸੇ ਅਤੇ ਡੀਜ਼ਲ ਵਿੱਚ 21 ਪੈਸੇ ਦਾ ਵਾਧਾ ਕੀਤਾ ਹੈ। ਯਾਨੀ ਪੈਟਰੋਲ 34 ਅਤੇ ਡੀਜ਼ਲ 37 ਪੈਸੇ ਦੋ ਦਿਨਾਂ ਵਿੱਚ ਮਹਿੰਗਾ ਹੋ ਗਿਆ ਹੈ। ਅੱਜ ਦੇ ਵਾਧੇ ਤੋਂ ਬਾਅਦ ਹੁਣ ਦਿੱਲੀ ਵਿੱਚ ਪੈਟਰੋਲ ਦੀ ਕੀਮਤ 90.55 ਤੋਂ ਵੱਧ ਕੇ 90.74 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸ ਦੇ ਨਾਲ ਹੀ ਡੀਜ਼ਲ 80.91 ਤੋਂ ਵੱਧ ਕੇ 81.12 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਪਿੱਛਲੇ ਮਹੀਨੇ ਦੇਸ਼ ਦੇ 5 ਸੂਬਿਆਂ ਵਿੱਚ ਵਿਧਾਨ ਸਭਾ ਲਈ ਵੋਟਾਂ ਪਈਆਂ ਸਨ, ਜਿਨ੍ਹਾਂ ਦੇ ਨਤੀਜੇ 2 ਮਈ ਨੂੰ ਐਲਾਨੇ ਗਏ ਹਨ। ਪਰ ਇਸ ਦੌਰਾਨ ਦਿਲਚਸਪ ਗੱਲ ਇਹ ਹੈ ਕੇ ਵੋਟਾਂ ਪੈਣ ਲੈ ਕੇ ਨਤੀਜੇ ਆਉਣ ਤੱਕ ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸਥਿਰ ਸਨ, ਪਰ ਹੁਣ ਨਤੀਜਿਆਂ ਦੇ 2 ਦਿਨ ਬਾਅਦ ਹੀ ਇੱਕ ਵਾਰ ਫਿਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ।
ਮੁੰਬਈ ਦੀ ਗੱਲ ਕਰੀਏ ਤਾਂ ਪੈਟਰੋਲ 96.95 ਰੁਪਏ ਤੋਂ ਵੱਧ ਕੇ 97.12 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 87.98 ਤੋਂ 88.19 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਚੇਨਈ ਵਿੱਚ ਪੈਟਰੋਲ 92.55 ਰੁਪਏ ਤੋਂ ਵੱਧ ਕੇ 92.70 ਰੁਪਏ ਅਤੇ ਡੀਜ਼ਲ 85.90 ਰੁਪਏ ਤੋਂ ਵਧਾ ਕੇ 86.09 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਕੋਲਕਾਤਾ ਵਿੱਚ ਪੈਟਰੋਲ ਦੀ ਕੀਮਤ 90.76 ਤੋਂ ਵੱਧ ਕੇ 90.92 ਰੁਪਏ ਅਤੇ ਡੀਜ਼ਲ ਦੀ ਕੀਮਤ 83.78 ਤੋਂ ਵੱਧ ਕੇ 83.98 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਦੇਸ਼ ਵਿੱਚ ਤੇਲ ਦੀਆਂ ਕੀਮਤਾਂ ‘ਚ ਹਰ ਰੋਜ਼ ਸਵੇਰੇ 6 ਵਜੇ ਸੋਧ ਕੀਤੀ ਜਾਂਦੀ ਹੈ ਕਿਉਂਕਿ ਦੇਸ਼ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਅਤੇ ਵਿਦੇਸ਼ੀ ਮੁਦਰਾ ਦੀ ਦਰਾਂ ਅਨੁਸਾਰ ਹਰ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਬਦਲਦੀਆਂ ਹਨ। ਇਹ ਨਵੀਆਂ ਕੀਮਤਾਂ ਦੇਸ਼ ਦੇ ਹਰ ਪੈਟਰੋਲ ਪੰਪ ‘ਤੇ ਹਰ ਰੋਜ਼ ਸਵੇਰੇ 6 ਵਜੇ ਤੋਂ ਲਾਗੂ ਹੁੰਦੀਆਂ ਹਨ।